ਮਹਿਲਾ ਪੁਲਸ ਕਰਮਚਾਰੀ ਨੇ ਦੱਸੀ ਹੱਡਬੀਤੀ, ਸੀਨੀਅਰ ਅਫਸਰ ਕਰਦਾ ਸੀ ਅਸ਼ਲੀਲ ਹਰਕਤਾਂ
Tuesday, Feb 13, 2018 - 07:44 PM (IST)

ਲੰਡਨ— ਬ੍ਰਿਟੇਨ ਦੇ ਲੀਵਰਪੂਲ 'ਚ ਇਕ ਮਹਿਲਾ ਪੁਲਸ ਕਰਮਚਾਰੀ ਦੇ ਨਾਲ ਸੀਨੀਅਰ ਅਫਸਰ ਵਲੋਂ ਬਰਥ ਡੇਅ ਗਿਫਟ ਦੇ ਨਾਂ 'ਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਤੰਗ ਆ ਕੇ ਮਹਿਲਾ ਪੁਲਸ ਕਰਮਚਾਰੀ ਨੂੰ ਆਪਣੀ ਨੌਕਰੀ ਛੱਡਣੀ ਪਈ।
ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ 'ਚ ਸੇਵਾ ਨਿਭਾ ਚੁੱਕੀ 38 ਸਾਲਾਂ ਪੀੜਤਾ ਲੀਜ਼ਾ ਮਾਇਰਜ਼ ਦਾ ਦੋਸ਼ ਹੈ ਕਿ ਇੰਸਪੈਕਟਰ ਦੇ ਅਹੁਦੇ 'ਤੇ ਨਿਯੁਕਤ 40 ਸਾਲਾਂ ਪਾਲ ਨਾਈਟਿੰਗੇਲ ਉਸ ਨਾਲ ਕਈ ਸਾਲਾਂ ਤੋਂ ਛੇੜਛਾੜ ਕਰਦਾ ਆ ਰਿਹਾ ਸੀ। ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਉਸ ਨੇ ਆਪਣੇ ਜਨਮਦਿਨ 'ਤੇ ਬਤੌਰ ਗਿਫਟ ਕਿਸ ਮੰਗਦੇ ਹੋਏ ਪਿਛਿਓਂ ਪੀੜਤਾ ਦੀ ਸ਼ਰਟ ਦੇ ਅੰਦਰ ਹੱਥ ਪਾ ਦਿੱਤੇ। ਇਨ੍ਹਾਂ ਹੀ ਨਹੀਂ ਦੋਸ਼ੀ ਨੇ ਮੇਸਰੂਮ 'ਚ ਪੀੜਤਾ ਦੇ ਪ੍ਰਾਈਵੇਟ ਪਾਰਟ ਨਾਲ ਵੀ ਛੇੜਛਾੜ ਕੀਤੀ। ਪੀੜਤਾ ਦੋਸ਼ੀ ਦੀ ਪਕੜ 'ਚ ਹੋਣ ਕਾਰਨ ਮਜਬੂਰ ਸੀ।
ਪੀੜਤਾ ਨੇ ਦੱਸਿਆ ਕਿ ਸਾਲ 2015 'ਚ ਉਹ ਆਪਣੇ ਦੂਜੇ ਬੱਚੇ ਦੀ ਡਿਲਵਰੀ ਤੋਂ ਬਾਅਦ ਆਪਣੀ ਛੁੱਟੀ ਪੂਰੀ ਕਰਕੇ ਕੰਮ 'ਤੇ ਪਰਤੀ ਸੀ। ਉਸ ਵੇਲੇ ਤੋਂ ਹੀ ਦੋਸ਼ੀ ਉਸ 'ਤੇ ਬੁਰੀ ਨਜ਼ਰ ਰੱਖਣ ਲੱਗਾ ਤੇ ਉਸ ਦੇ ਨਾਲ ਛੇੜਛਾੜ ਕਰਨ ਲੱਗਾ। ਹਰ ਵਾਰ ਉਹ ਦੋਸ਼ੀ ਨੂੰ ਅਜਿਹਾ ਕਰਨ ਤੋਂ ਨਾਂਹ ਕਰਦੀ ਰਹੀ ਪਰ ਉਹ ਨਾ ਮੰਨਿਆ ਤੇ ਉਸ ਦੀਆਂ ਹਰਕਤਾਂ ਅਸ਼ਲੀਲ ਹੁੰਦੀਆਂ ਗਈਆਂ। ਲੰਡਨ 'ਚ ਕਿਸੇ ਟ੍ਰੇਨਿੰਗ ਦੌਰਾਨ ਦੋਸ਼ੀ ਨੇ ਪੀੜਤਾ ਨੂੰ ਕਿਸੇ ਹੋਟਲ 'ਚ ਠਹਿਰਣ ਦੀ ਪੇਸ਼ਕਸ਼ ਵੀ ਕੀਤੀ ਸੀ।
ਇਕ ਨਿਊਜ਼ ਏਜੰਸੀ ਮੁਤਾਬਕ ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਲਾਈਨ ਮੈਨੇਜਰ ਨੇ ਨਾਈਟਿੰਗੇਲ ਨਾਲ ਇਸ ਮਾਮਲੇ 'ਤੇ ਗੱਲਬਾਤ ਵੀ ਕੀਤੀ, ਜਿਸ ਤੋਂ ਬਾਅਦ ਕੁਝ ਸਮੇਂ ਤੱਕ ਉਸ ਦੀਆਂ ਹਰਕਤਾਂ ਬੰਦ ਰਹੀਆਂ। ਪਰ ਉਸੇ ਸਾਲ ਕ੍ਰਿਸਮਸ ਤੋਂ ਬਾਅਦ ਉਸ ਦੀਆਂ ਹਰਕਤਾਂ ਦੁਬਾਰਾ ਸ਼ੁਰੂ ਹੋ ਗਈਆਂ। ਕ੍ਰਿਸਮਸ ਪਾਰਟੀ ਦੌਰਾਨ ਨਾਈਟਿੰਗੇਲ ਨੇ ਪੀੜਤਾ ਦੇ ਕੰਨ 'ਚ ਕਿਹਾ ਕਿ ਉਹ ਉਸ ਦੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ ਪਰ ਪੀੜਤਾ ਨੇ ਨਾਂਹ ਕਰ ਦਿੱਤੀ। ਅਖੀਰ ਪੀੜਤਾ ਨੇ ਤੰਗ ਆ ਕੇ ਆਪਣਾ ਟ੍ਰਾਂਸਫਰ ਕਰਵਾ ਲਿਆ ਪਰ ਆਪਣੇ ਨਾਲ ਗੁਜ਼ਰੀ ਆਪਬੀਤੀ ਤੋਂ ਉਹ ਨਹੀਂ ਨਿਕਲ ਸਕੀ ਤੇ ਉਸ ਨੇ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਸ ਨੇ ਨਾਈਟਿੰਗੇਲ ਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰਵਾਇਆ।
ਮਾਇਰਜ਼ ਨੇ ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਦੇ ਖਿਲਾਫ ਵੀ ਮੁਆਵਜ਼ੇ ਦਾ ਕੇਸ ਦਰਜ ਕਰਵਾਇਆ ਤੇ ਬੀਟੀਪੀ ਨੂੰ ਪੀੜਤਾ ਨੂੰ 50 ਹਜ਼ਾਰ ਪਾਊਂਡ ਦਾ ਭੁਗਤਾਨ ਕਰਨਾ ਪਿਆ। ਮਾਇਰਜ਼ ਨੇ ਭਾਵਨਾਤਮਕ ਹਾਨੀ ਲਈ ਨਾਈਟਿੰਗੇਲ 'ਤੇ ਵੀ 25 ਹਜ਼ਾਰ ਪਾਊਂਡ ਦਾ ਕਲੇਮ ਰੱਖਿਆ ਹੈ। ਇਸ ਵਿਚਕਾਰ ਨਾਈਟਿੰਗੇਲ ਨੇ ਵੀ ਬੀਟੀਪੀ ਦੀ ਨੌਕਰੀ ਛੱਡ ਦਿੱਤੀ। ਨਾਈਟਿੰਗੇਲ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਨਾਈਟਿੰਗੇਲ ਨੂੰ ਅਗੇ ਤੋਂ ਪੁਲਸ ਦੀ ਨੌਕਰੀ ਲਈ ਅਯੋਗ ਕਰਾਰ ਕਰ ਦਿੱਤਾ ਗਿਆ ਹੈ।