ਰੂਸ ਦੇ ਰਿਹਾਇਸ਼ੀ ਇਲਾਕਿਆਂ ''ਚ ਦਾਖਲ ਹੋਏ ਪੋਲਰ ਬੀਅਰ, ਐਮਰਜੈਂਸੀ ਲਾਗੂ
Wednesday, Feb 13, 2019 - 10:19 AM (IST)
ਮਾਸਕੋ, (ਏਜੰਸੀ)— ਰੂਸ ਦੇ ਦੂਰ-ਦੁਰਾਡੇ ਦੇ ਇਲਾਕੇ ਨੋਵਾ ਜਿਮਿਆ ਟਾਪੂ 'ਚ ਦਰਜਨਾਂ ਦੀ ਗਿਣਤੀ 'ਚ ਭੁੱਖੇ ਪੋਲਰ ਬੀਅਰਜ਼ ਦਾਖਲ ਹੋ ਗਏ। ਇਸ ਕਾਰਨ ਲੋਕਾਂ ਨੂੰ ਘਰਾਂ 'ਚ ਬੰਦ ਰਹਿਣ ਲਈ ਮਜਬੂਰ ਹੋਣਾ ਪਿਆ। ਅਜਿਹੀਆਂ ਵੀ ਖਬਰਾਂ ਹਨ ਕਿ ਭੁੱਖੇ ਪੋਲਰ ਬੀਅਰਜ਼ ਨੇ ਕੁਝ ਲੋਕਾਂ 'ਤੇ ਹਮਲਾ ਵੀ ਕੀਤਾ ਹੈ। ਇਸ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਲਾਕੇ 'ਚ ਐਮਰਜੈਂਸੀ ਲਗਾਉਂਦੇ ਹੋਏ ਮਾਹਿਰਾਂ ਦੀ ਇਕ ਟੀਮ ਲਗਾਈ ਹੈ, ਜੋ ਬੀਅਰਜ਼ ਨੂੰ ਉੱਥੋਂ ਕੱਢ ਸਕੇ।

ਆਰਕਟਿਕ ਮਹਾਸਾਗਰ ਕੋਲ ਸਥਿਤ ਟਾਪੂ ਖੇਤਰ ਨੋਵਾਇਆ ਜੇਮਲਿਆ ਆਰਚੀਪੇਲੋਗੋ 'ਚ ਤਕਰੀਬਨ 3000 ਲੋਕ ਰਹਿੰਦੇ ਹਨ। ਇੱਥੋਂ ਦੇ ਲੋਕਾਂ ਨੇ ਮਦਦ ਲਈ ਸਥਾਨਕ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ, ਜਿਸ ਮਗਰੋਂ ਇਲਾਕੇ 'ਚੋਂ ਪੋਲਰ ਬੀਅਰ ਨੂੰ ਕੱਢਣ ਲਈ ਟੀਮ ਲਗਾਈ ਗਈ ਅਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐਮਰਜੈਂਸੀ ਲਗਾ ਦਿੱਤੀ ਗਈ ਹੈ।

ਸਥਾਨਕ ਪ੍ਰਸ਼ਾਸਨ ਦੇ ਮੁਖੀ ਜਿਗਨਸ਼ਾ ਮੁਸ਼ਿਨ ਨੇ ਦੱਸਿਆ ਕਿ ਭਾਲੂ ਲੋਕਾਂ ਦਾ ਪਿੱਛਾ ਕਰ ਰਹੇ ਹਨ। ਇਲਾਕੇ ਦੇ ਡਿਪਟੀ ਹੈੱਡ ਅਲੈਕਜ਼ੈਂਡਰ ਮਿਨਾਯੇਬ ਨੇ ਕਿਹਾ ਕਿ ਲੋਕ ਡਰੇ ਹੋਏ ਹਨ ਅਤੇ ਘਰਾਂ 'ਚੋਂ ਨਿਕਲਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ। ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ। ਇਕ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਪੋਲਰ ਬੀਅਰ ਸਥਾਨਕ ਕੂੜੇਦਾਨਾਂ 'ਚ ਬਚੇ ਹੋਏ ਭੋਜਨ ਨੂੰ ਖਾਣ ਲਈ ਮਜ਼ਬੂਰ ਹੋ ਗਏ ਹਨ।

ਇਸ ਤੋਂ ਪਹਿਲਾਂ ਸਾਲ 2016 'ਚ ਅਜਿਹੀ ਹੀ ਇਕ ਘਟਨਾ ਵਾਪਰੀ ਸੀ। ਉਸ ਸਮੇਂ ਮੌਸਮ ਦੀ ਜਾਂਚ ਕਰਨ ਵਾਲੀ ਟੀਮ ਰਿਮੋਟ ਇਲਾਕੇ ਟਿਰਨਾਏ 'ਚ ਦੋ ਹਫਤੇ ਤਕ ਫਸੀ ਰਹੀ ਸੀ। ਉਸ ਦੌਰਾਨ ਬੀਅਰਜ਼ ਦੇ ਇਕ ਝੁੰਡ ਨੇ ਉਨ੍ਹਾਂ ਨੂੰ ਘੇਰ ਲਿਆ ਸੀ। ਦੱਸ ਦਈਏ ਕਿ ਰੂਸ 'ਚ ਪੋਲਰ ਬੀਅਰ ਦੇ ਸ਼ਿਕਾਰ 'ਤੇ ਰੋਕ ਹੈ। ਇਸ ਲਈ ਰਿਹਾਇਸ਼ੀ ਇਲਾਕਿਆਂ 'ਚ ਦਿਖਾਈ ਦੇਣ 'ਤੇ ਵੀ ਉਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ। ਸਰਕਾਰ ਨੇ ਉਨ੍ਹਾਂ ਨੂੰ ਗੋਲੀ ਮਾਰਨ ਦਾ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
