PoK ਦੇ ਪ੍ਰਧਾਨ ਮੰਤਰੀ ਸਰਦਾਰ ਅਬਦੁਲ ਕਯੂਮ ਨਿਆਜ਼ੀ ਨੇ ਦਿੱਤਾ ਅਸਤੀਫ਼ਾ
Friday, Apr 15, 2022 - 01:50 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਪ੍ਰਧਾਨ ਮੰਤਰੀ ਸਰਦਾਰ ਅਬਦੁਲ ਕਯੂਮ ਨਿਆਜ਼ੀ ਨੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ 'ਚ ਬਗਾਵਤ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਪੀਟੀਆਈ ਦੇ ਮੁਖੀ ਇਮਰਾਨ ਖਾਨ ਦੁਆਰਾ ਚੁਣੇ ਗਏ ਨਿਆਜ਼ੀ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਪਾਰਟੀ ਦੇ ਖੇਤਰੀ ਪ੍ਰਧਾਨ ਸਰਦਾਰ ਤਨਵੀਰ ਇਲਿਆਸ ਸਾਹਮਣੇ ਪਾਰਟੀ ਦੇ 25 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। 14 ਅਪ੍ਰੈਲ ਨੂੰ ਭੇਜੇ ਗਏ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਨਿਆਜ਼ੀ ਨੇ ਲਿਖਿਆ ਕਿ ਸੰਵਿਧਾਨ ਦੀ ਧਾਰਾ 16 (1) ਦੇ ਤਹਿਤ ਮੈਂ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।
ਡਾਨ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਮਾਮਲਿਆਂ ਦੇ ਸਕੱਤਰ ਡਾ. ਆਸਿਫ਼ ਹੁਸੈਨ ਸ਼ਾਹ ਨੇ ਚੌਧਰੀ ਵੱਲੋਂ ਨਿਆਜ਼ੀ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਸ ਨੂੰ ਰਸਮੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਮੁੱਖ ਸਕੱਤਰ ਨੂੰ ਭੇਜ ਦਿੱਤਾ ਗਿਆ ਹੈ। ਨਿਆਜ਼ੀ ਨੇ ਵੀਰਵਾਰ ਨੂੰ ਇਸਲਾਮਾਬਾਦ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਬੇਭਰੋਸਗੀ ਪ੍ਰਸਤਾਵ 'ਚ ਉਨ੍ਹਾਂ 'ਤੇ 'ਬੇਬੁਨਿਆਦ ਦੋਸ਼' ਲਗਾਏ ਗਏ ਸਨ। ਨਿਆਜ਼ੀ ਪਿਛਲੇ ਸਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪ੍ਰਧਾਨ ਮੰਤਰੀ ਬਣੇ ਸਨ ਜਦੋਂ ਪੀਟੀਆਈ ਨੇ ਇੱਕ ਚੋਣ ਵਿੱਚ ਸਦਨ ਦੀਆਂ 53 ਵਿੱਚੋਂ 32 ਸੀਟਾਂ ਜਿੱਤੀਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਮਹਿੰਗਾਈ ਦੀ ਮਾਰ, 83 ਫੀਸਦੀ ਤੱਕ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਆਸਾਰ
ਉੱਧਰ ਭਾਰਤ ਨੇ ਮਕਬੂਜ਼ਾ ਕਸ਼ਮੀਰ ਵਿੱਚ ਚੋਣਾਂ ਨੂੰ "ਸਿਰਫ਼ ਦਿਖਾਵਾ" ਕਹਿ ਕੇ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਪਾਕਿਸਤਾਨ ਦੀ "ਆਪਣੇ ਗ਼ੈਰ-ਕਾਨੂੰਨੀ ਕਬਜ਼ੇ ਨੂੰ ਛੁਪਾਉਣ ਦੀ ਕੋਸ਼ਿਸ਼ ਹੈ। ਪੀਓਕੇ ਵਿੱਚ ਚੋਣਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਪਾਕਿਸਤਾਨ ਦਾ "ਇਹਨਾਂ ਭਾਰਤੀ ਖੇਤਰਾਂ 'ਤੇ ਕੋਈ ਅਧਿਕਾਰ ਨਹੀਂ ਹੈ" ਅਤੇ ਇਸ ਨੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ਾ ਕੀਤੇ ਹੋਏ ਸਾਰੇ ਭਾਰਤੀ ਖੇਤਰਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ।