PM ਮੌਰੀਸਨ ਨੇ ਖੇਤਰੀ ਅਖ਼ਬਾਰਾਂ ਤੇ ਪ੍ਰਿੰਟ ਮੀਡੀਆ ਲਈ ਕੀਤਾ ਇਹ ਐਲਾਨ
Tuesday, May 10, 2022 - 01:35 PM (IST)
ਪਰਥ (ਪਿਆਰਾ ਸਿੰਘ ਨਾਭਾ) : ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਆਪਣੇ ਇਸ ਵਾਰ ਦੀ ਚੋਣ ਮੁਹਿੰਮ ’ਚ ਹੁਣ ਆਪਣਾ ਧਿਆਨ ਖੇਤਰੀ ਪ੍ਰਿੰਟ ਮੀਡੀਆ ਵੱਲ ਲਿਆਂਦਾ ਹੈ ਅਤੇ ਵਾਅਦਾ ਕੀਤਾ ਹੈ ਕਿ ਚੋਣਾਂ ਜਿੱਤਣ ’ਤੇ ਉਨ੍ਹਾਂ ਦੀ ਪਾਰਟੀ ਖੇਤਰੀ ਅਖ਼ਬਾਰਾਂ ਅਤੇ ਹੋਰ ਪ੍ਰਿੰਟ ਮੀਡੀਆ ਲਈ 10 ਮਿਲੀਅਨ ਡਾਲਰਾਂ ਦਾ ਐਲਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਰਾਹੀਂ ਦਿੱਤੀ ਜਾਣ ਵਾਲੀ ਮਾਲੀ ਮਦਦ ਨਾਲ ਅਖ਼ਬਾਰਾਂ ਅਤੇ ਹੋਰ ਪ੍ਰਿੰਟ ਮੀਡੀਆ ਨੂੰ ਕਾਫੀ ਹੱਦ ਤੱਕ ਵਧੀਆਂ ਹੋਈਆਂ ਕੀਮਤਾਂ ਆਦਿ ਨੂੰ ਠੱਲ੍ਹ ਪਾਉਣ ’ਚ ਸਿੱਧੇ ਤੌਰ ’ਤੇ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤਰੀ ਪ੍ਰਿੰਟ ਮੀਡੀਆ ਸਥਾਨਕ ਲੋਕਾਂ ਦੀ ਜਾਨ ਹੁੰਦਾ ਹੈ ਅਤੇ ਜਿਥੇ ਇਹ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ, ਉਥੇ ਹੀ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੁੰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਬੀਤੇ ਸਾਲਾਂ ’ਚ ਵੀ ਆਰਥਿਕਤਾ ਨੂੰ ਸਹੀ ਲੀਹਾਂ ਉਪਰ ਲਿਆਉਣ ਅਤੇ ਰੱਖਣ ’ਚ ਕਾਫ਼ੀ ਸਾਰਥਕ ਕੰਮ ਕੀਤੇ ਹਨ ਅਤੇ ਅਸੀਂ ਭਵਿੱਖ ’ਚ ਵੀ ਇਹ ਕੰਮ ਕਰਦੇ ਰਹਾਂਗੇ ਪਰ ਲੇਬਰ ਪਾਰਟੀ ਵਾਲਿਆਂ ਕੋਲ ਮਹਿਜ਼ ਗੱਲਾਂ ਹੀ ਹਨ ਅਤੇ ਕੋਈ ਅਜਿਹਾ ਪਲਾਨ ਹੈ ਹੀ ਨਹੀਂ ਹੈ, ਜਿਸ ਨੂੰ ਉਹ ਜਨਤਕ ਤੌਰ ’ਤੇ ਸਾਹਮਣੇ ਰੱਖ ਕੇ ਦਿਖਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਆਦਿ ਲਈ ਵਰਤਿਆ ਜਾਣ ਵਾਲਾ ਕਾਗਜ਼, ਜੋ ਇਸ ਸਮੇਂ ਨੋਰਸਕੇ ਸਕਾਜਿਜ਼ ਬੌਆਇਰ ਮਿੱਲ ’ਚ ਬਣਦਾ ਹੈ ਅਤੇ ਇਸ ਮਿੱਲ ਦਾ ਬਾਇਲਰ ਕੋਲੇ ਨਾਲ ਚਲਦਾ ਹੈ, ਇਸ ਨੂੰ ਬਦਲ ਕੇ ਨਵੀਆਂ ਤਕਨੀਕਾਂ ਆਦਿ ਨਾਲ ਚਲਾਉਣ ਵਾਸਤੇ 2 ਮਿਲੀਅਨ ਡਾਲਰਾਂ ਦਾ ਬਜਟ ਮੁਹੱਈਆ ਕਰਵਾਏਗੀ।