UAE ’ਚ ਵੀ ਭਾਰਤ ਦਾ ਡੰਕਾ : ਬੁਰਜ ਖਲੀਫਾ ’ਤੇ ਲਾਈਟਾਂ ਨਾਲ ਬਣਾਈ ‘ਤਿਰੰਗਾ’ ਤੇ PM ਮੋਦੀ ਦੀ ਤਸਵੀਰ (ਵੀਡੀਓ)
Sunday, Jul 16, 2023 - 10:51 AM (IST)
ਆਬੂਧਾਬੀ (ਯੂ. ਐੱਨ. ਆਈ.)- ਫ਼ਰਾਂਸ ਦੀ ਸਫਲ ਯਾਤਰਾ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇਸ਼ ’ਚ ਵੀ ਭਾਰਤ ਦਾ ਡੰਕਾ ਵਜਾਇਆ। ਯੂ. ਏ. ਈ. ਨੇ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਸਨਮਾਨ ਪ੍ਰਗਟਾਉਣ ਲਈ ਆਪਣੀ ਸਭ ਤੋਂ ਉੱਚੀ ਇਮਾਰਤ ‘ਬੁਰਜ ਖਲੀਫਾ’ ’ਤੇ ਲਾਈਟਾਂ ਨਾਲ ਭਾਰਤ ਦਾ ਰਾਸ਼ਟਰੀ ਝੰਡਾ ‘ਤਿਰੰਗਾ’ ਅਤੇ ਮੋਦੀ ਦੀ ਤਸਵੀਰ ਪ੍ਰਦਰਸ਼ਿਤ ਕੀਤੀ। ਇੰਨਾ ਹੀ ਨਹੀਂ ਭਾਰਤੀ ਪੀ. ਐੱਮ. ਦੇ ਸਵਾਗਤ ’ਚ ਲਾਈਟਾਂ ਨਾਲ ਹੀ ‘ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਹੈ’ (ਵੈੱਲਕਮ ਆਨਰੇਬਲ ਪ੍ਰਾਈਮ ਮਨਿਸਟਰ ਨਰਿੰਦਰ ਮੋਦੀ) ਲਿਖਿਆ ਗਿਆ। ਨਿੱਘੇ ਸਵਾਗਤ-ਸਤਿਕਾਰ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਯੂ. ਏ. ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਦੋ-ਪੱਖੀ ਗੱਲ ਬਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ 3 ਸਮਝੌਤੇ ਹੋਏ। ਦੋਵੇਂ ਦੇਸ਼ ਆਪਸੀ ਲੈਣ-ਦੇਣ ’ਚ ਆਪਣੀ-ਆਪਣੀ ਕਰੰਸੀ ਦੀ ਵਰਤੋਂ ਕਰਨਗੇ। ਇਹ ਦੋਵਾਂ ਦੇਸ਼ਾਂ ਦੇ ਆਪਸੀ ਲੈਣ-ਦੇਣ ’ਚ ਹੁਣ ਤੱਕ ਪ੍ਰਚਲਿਤ ਡਾਲਰ ’ਤੇ ਨਿਰਭਰਤਾ ਖ਼ਤਮ ਕਰਨ ਦੀ ਵੱਡੀ ਕੋਸ਼ਿਸ਼ ਹੈ।
ਰੁਪਏ ਅਤੇ ਦਰਾਮ ’ਚ ਲੈਣ-ਦੇਣ ਕਰਨਗੇ ਦੋਵੇਂ ਦੇਸ਼
-ਭਾਰਤੀ ਰਿਜ਼ਰਵ ਬੈਂਕ ਅਤੇ ਸੈਂਟਰਲ ਬੈਂਕ ਆਫ ਯੂ. ਏ. ਈ. ਨੇ 2 ਕਰਾਰ ਕੀਤੇ, ਜਿਨ੍ਹਾਂ ’ਚ ਸਥਾਨਕ ਕਰੰਸੀਆਂ ਭਾਰਤ ਦੇ ‘ਰੁਪਏ’ ਅਤੇ ਯੂ. ਏ. ਈ. ਦੇ ‘ਦਰਾਮ’ ’ਚ ਲੈਣ-ਦੇਣ ਨੂੰ ਉਸਸ਼ਾਹਿਤ ਕਰਨ ਲਈ ਫਰੇਮਵਰਕ ਬਣਾਉਣ ਅਤੇ ਭੁਗਤਾਨ ਅਤੇ ਮੈਸੇਜਿੰਗ ਸਿਸਟਮ ਨੂੰ ਜੋੜਣਾ ਸ਼ਾਮਲ ਹੈ।
-ਇਸ ਨਾਲ ਯੂ. ਏ. ਈ. ’ਚ ਵੀ ਯੂ. ਪੀ. ਆਈ. ਜ਼ਰੀਏ ਲੈਣ-ਦੇਣ ਸੰਭਵ ਹੋ ਸਕੇਗਾ।
-ਸਥਾਨਕ ਕਰੰਸੀ ਸੈਟਲਮੈਂਟ ਸਿਸਟਮ ਬਣਨ ਨਾਲ ਬਰਾਮਦਕਾਰ ਅਤੇ ਦਰਾਮਦਕਾਰ ਆਪਣੀਆਂ-ਆਪਣੀਆਂ ਕਰੰਸੀਆਂ ’ਚ ਬਿੱਲ ਬਣਾ ਸਕਣਗੇ ਅਤੇ ਭੁਗਤਾਨ ਕਰ ਸਕਣਗੇ।
-ਇਸ ਨਾਲ ਰੁਪਇਆ ਏ. ਈ. ਡੀ. ਵਿਦੇਸ਼ੀ ਕੰਰਸੀ ਵਟਾਂਦਰਾ ਬਾਜ਼ਾਰ ਨੂੰ ਵਿਕਸਿਤ ਕਰਨ ’ਚ ਮਦਦ ਮਿਲੇਗੀ।
-ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਅਤੇ ਰੈਮੀਟੈਂਸ (ਆਪਣੇ ਦੇਸ਼ ਕਮਾਈ ਦੇ ਪੈਸੇ ਭੇਜਣਾ) ਨੂੰ ਵੀ ਉਤਸ਼ਾਹ ਮਿਲੇਗਾ।
-ਦੋਵਾਂ ਦੇਸ਼ਾਂ ਦੇ ਕੇਂਦਰੀ ਬੈਂਕ ਆਪਣੇ-ਆਪਣੇ ਫਾਸਟ ਪੇਮੈਂਟ ਸਿਸਟਮ ਭਾਰਤ ਦੇ ਯੂਨੀਵਰਸਲ ਪੇਮੈਂਟ ਇੰਟਰਫੇਸ (ਯੂ. ਪੀ. ਆਈ.) ਅਤੇ ਯੂ. ਏ. ਈ. ਦੇ ਇੰਸਟੈਂਟ ਪੇਮੈਂਟ ਪਲੇਟਫਾਰਮ (ਆਈ. ਪੀ. ਪੀ.) ਨੂੰ ਜੋੜਣ ’ਚ ਸਹਿਯੋਗ ਕਰਨ ’ਤੇ ਸਹਿਮਤ ਹੋਏ ਹਨ। ਇਸ ਦੇ ਨਾਲ ਹੀ ‘ਰੂਪੇ ਸਵਿੱਚ’ ਅਤੇ ‘ਯੂ. ਏ. ਈ. ਸਵਿੱਚ’ ਨੂੰ ਵੀ ਜੋੜਿਆ ਜਾਵੇਗਾ।
ਰਿਜ਼ਰਵ ਬੈਂਕ ਨੇ ਆਪਣੇ ਬਿਆਨ ’ਚ ਕਿਹਾ ਕਿ ਯੂ. ਪੀ. ਆਈ. ਤੇ ਆਈ. ਪੀ. ਪੀ. ਨੂੰ ਜੋੜਣ ਨਾਲ ਦੋਵਾਂ ਦੇ ਖਪਤਕਾਰ ਤੁਰੰਤ, ਆਸਾਨ, ਸੁਰੱਖਿਅਤ ਅਤੇ ਰਿਆਇਤੀ ਦਰਾਂ ’ਤੇ ਸਰਹੱਦ ਪਾਰ ਲੈਣ-ਦੇਣ ਕਰ ਸਕਣਗੇ। ਕਾਰਡ ਸਵਿੱਚਾਂ ਨੂੰ ਜੋਡ਼ੇ ਜਾਣ ਨਾਲ ਘਰੇਲੂ ਕਾਰਡ ਦੇ ਆਪਸੀ ਲੈਣ-ਦੇਣ ਲਈ ਸਵੀਕਾਰਤਾ ਵਧੇਗੀ ਅਤੇ ਕਾਰਡ ਭੁਗਤਾਨ ਹੋ ਸਕੇਗਾ। ਇਸ ਦੇ ਨਾਲ ਹੀ ਮੈਸੇਜਿੰਗ ਨੂੰ ਜੋਡ਼ੇ ਜਾਣ ਨਾਲ ਦੋਵਾਂ ਦੇਸ਼ਾਂ ਲਈ ਵਿੱਤੀ ਮੈਸੇਜਿੰਗ ਹੋ ਸਕੇਗੀ। ਸਿੱਖਿਆ ਮੰਤਰਾਲਾ ਅਤੇ ਅਬੂਧਾਬੀ ਦੇ ਸਿੱਖਿਆ ਅਤੇ ਗਿਆਨ ਵਿਭਾਗ (ਏ. ਡੀ. ਈ. ਕੇ.) ਨੇ ਖਾੜੀ ਦੇਸ਼ ’ਚ ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ਦਿੱਲੀ ਦਾ ਕੰਪਲੈਕਸ ਸਥਾਪਤ ਕਰਨ ਲਈ ਇਕ ਸਮਝੌਤੇ ’ਤੇ ਹਸਤਾਖਰ ਕੀਤੇ। ਪੋਸਟ ਗ੍ਰੈਜੂਏਟ ਕੋਰਸ ਅਬੂਧਾਬੀ ਕੰਪਲੈਕਸ ’ਚ ਅਗਲੇ ਸਾਲ ਜਨਵਰੀ ਤੋਂ ਮੁਹੱਈਆ ਕਰਾਏ ਜਾਣਗੇ, ਜਦੋਂ ਕਿ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮ ਸਤੰਬਰ ਤੋਂ ਮੁਹੱਈਆ ਹੋਣਗੇ। ਅਕਾਦਮਿਕ ਪ੍ਰੋਗਰਾਮ ਅਤੇ ਪੜ੍ਹਾਉਣ ਦੀ ਵਿਧੀ ਆਈ. ਆਈ. ਟੀ. ਦਿੱਲੀ ਅਨੁਸਾਰ ਹੋਵੇਗੀ ਅਤੇ ਡਿਗਰੀ ਵੀ ਆਈ. ਆਈ. ਟੀ. ਦਿੱਲੀ ਵੱਲੋਂ ਹੀ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-"ਭਾਰਤੀ ਲੋਕਾਂ ਪ੍ਰਤੀ ਭਰੋਸਾ ਅਤੇ ਦੋਸਤੀ", ਰਾਸ਼ਟਰਪਤੀ ਮੈਕਰੋਨ ਨੇ PM ਮੋਦੀ ਦੀ ਯਾਤਰਾ ਦਾ ਵੀਡੀਓ ਕੀਤਾ ਸ਼ੇਅਰ
ਯੂ. ਏ. ਈ. ਦੇ ਰਾਸ਼ਟਰਪਤੀ ਨੇ ਬੰਨ੍ਹਿਆ ‘ਫਰੈਂਡਸ਼ਿਪ ਬੈਂਡ’
ਸੰਯੁਕਤ ਅਰਬ ਅਮੀਰਾਤ ਪੁੱਜਣ ’ਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਮੋਦੀ ਦਾ ਅਬੂਧਾਬੀ ’ਚ ਰਾਸ਼ਟਰਪਤੀ ਭਵਨ ‘ਕਸਰ-ਅਲ-ਵਤਨ’ ’ਚ ਸਵਾਗਤ ਕੀਤਾ। ਰਾਸ਼ਟਰਪਤੀ ਨਾਹਯਾਨ ਨੇ ਪੀ. ਐੱਮ. ਮੋਦੀ ਦੇ ਗੁੱਟ ’ਤੇ ‘ਫਰੈਂਡਸ਼ਿਪ ਬੈਂਡ’ ਬੰਨ੍ਹਿਆ। ਮੋਦੀ ਨੇ ਕਿਹਾ ਕਿ ਮੈਂ ਅਬੂਧਾਬੀ ’ਚ ਆ ਕੇ ਅਤੇ ਤੁਹਾਨੂੰ ਮਿਲ ਕੇ ਖੁਸ਼ ਹਾਂ। ਗਰਮਜੋਸ਼ੀ ਨਾਲ ਕੀਤੇ ਗਏ ਸਵਾਗਤ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਹਰ ਭਾਰਤੀ ਤੁਹਾਨੂੰ ਇਕ ਸੱਚੇ ਮਿੱਤਰ ਦੇ ਰੂਪ ’ਚ ਵੇਖਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਖਾੜੀ ਦੇਸ਼ ਦੀ ਇਹ ਪੰਜਵੀਂ ਯਾਤਰਾ ਸੀ। 2019 ’ਚ ਮੋਦੀ ਨੂੰ ਯੂ. ਏ. ਈ. ਨੇ ਆਪਣੇ ਸਰਵਉੱਚ ਨਾਗਰਿਕ ਐਵਾਰਡ ‘ਆਰਡਰ ਆਫ ਜਾਇਦ’ ਨਾਲ ਸਨਮਾਨਿਤ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ 2015, 2018, 2019 ਅਤੇ 2022 ’ਚ ਖਾੜੀ ਦੇਸ਼ ਦਾ ਦੌਰਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।