PM ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਾਹਮਣੇ ਚੁੱਕਿਆ H-1ਬੀ ਵੀਜ਼ਾ ਦਾ ਮੁੱਦਾ
Saturday, Sep 25, 2021 - 03:44 PM (IST)
ਵਾਸ਼ਿੰਗਟਨ (ਭਾਸ਼ਾ) : ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਪਹਿਲੀ ਆਹਮੋ-ਸਾਹਮਣੇ ਦੀ ਬੈਠਕ ਵਿਚ ਅਮਰੀਕਾ ਵਿਚ ਭਾਰਤੀ ਭਾਈਚਾਰੇ ਨਾਲ ਜੁੜੇ ਕਈ ਮੁੱਦਿਆਂ ਨੂੰ ਚੁੱਕਿਆ, ‘ਜਿਸ ਵਿਚ ਭਾਰਤੀ ਪੇਸ਼ੇਵਰਾਂ ਦੀ ਅਮਰੀਕਾ ਵਿਚ ਪਹੁੰਚ ਅਤੇ ਐੱਚ-1ਬੀ ਵੀਜ਼ਾ ਦਾ ਮੁੱਦਾ ਵੀ ਸ਼ਾਮਲ ਹੈ।’ ਇਹ ਜਾਣਕਾਰੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਓਵਲ ਦਫ਼ਤਰ ਵਿਚ ਆਪਣੀ ਪਹਿਲੀ ਦੋ-ਪੱਖੀ ਬੈਠਕ ਨੂੰ ‘ਸ਼ਾਨਦਾਰ’ ਦੱਸਿਆ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਅਤੇ ਜਾਪਾਨੀ ਹਮਰੁਤਬਾ ਯੋਸ਼ੀਹਿਦੇ ਸੁਗਾ ਨੇ ਵੀ ਸ਼ੁੱਕਰਵਾਰ ਨੂੰ ਅਮਰੀਕੀ ਰਾਜਧਾਨੀ ਵਿਚ ਅਮਰੀਕੀ ਰਾਸ਼ਟਰਪਤੀ ਬਾਈਡੇਨ ਵੱਲੋਂ ਆਯੋਜਿਤ ਕਵਾਡ ਨੇਤਾਵਾਂ ਦੀ ਬੈਠਕ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ: ਵਾਸ਼ਿੰਗਟਨ ਡੀ.ਸੀ. 'ਚ PM ਮੋਦੀ ਦਾ ਤਿੱਖਾ ਵਿਰੋਧ, ਕਿਸਾਨੀ ਅੰਦੋਲਨ ਦੇ ਹੱਕ 'ਚ ਡਟੇ ਪ੍ਰਵਾਸੀ ਭਾਰਤੀ
ਸ਼੍ਰਿੰਗਲਾ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਉਨ੍ਹਾਂ ਨੇ (ਮੋਦੀ) ਅਮਰੀਕਾ ਵਿਚ ਭਾਰਤੀ ਪੇਸ਼ੇਵਰਾਂ ਲਈ ਪਹੁੰਚ ਪ੍ਰਾਪਤ ਕਰਨ ਦੇ ਮੁੱਦੇ ’ਤੇ ਗੱਲਬਾਤ ਕੀਤੀ। ਉਸ ਸੰਦਰਭ ਵਿਚ ਉਨ੍ਹਾਂ ਨੇ ਐੱਚ-1ਬੀ ਵੀਜ਼ਾ ਦਾ ਜ਼ਿਕਰ ਕੀਤਾ।’ ਸਭ ਤੋਂ ਜ਼ਿਆਦਾ ਮੰਗ ਵਾਲਾ ਐੱਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਰਮੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਕਾਰੋਬਾਰਾਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੌਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਕੰਮ ’ਤੇ ਰੱਖਣ ਲਈ ਇਸ ’ਤੇ ਨਿਰਭਰ ਹਨ।
ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ਮਗਰੋਂ ਜੋਅ ਬਾਈਡੇਨ ਨੇ ਟਵੀਟ ਕਰ ਆਖੀ ਇਹ ਗੱਲ
ਸ਼੍ਰਿੰਗਲਾ ਨੇ ਕਿਹਾ, ‘ਉਨ੍ਹਾਂ ਨੇ ਇਸ ਤੱਥ ਦੇ ਬਾਰੇ ਵਿਚ ਵੀ ਗੱਲ ਕੀਤੀ ਕਿ ਇੱਥੇ ਕੰਮ ਕਰਨ ਵਾਲੇ ਕਈ ਭਾਰਤੀ ਪੇਸ਼ੇਵਰ ਸਮਾਜਿਕ ਸੁਰੱਖਿਆ ਵਿਚ ਯੋਗਦਾਨ ਪਾਉਂਦੇ ਹਨ। ਅਮਰੀਕਾ ਵਿਚ ਉਨ੍ਹਾਂ ਯੋਗਦਾਨਾਂ ਦਾ ਲਾਭ ਕੁੱਝ ਅਜਿਹਾ ਹੈ ਜੋ ਭਾਰਤੀ ਕਾਮਿਆਂ ਦੀ ਸੰਖਿਆ ਨੂੰ ਪ੍ਰਭਾਵਿਤ ਕਰਦਾ ਹੈ।’ ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਤੱਥ ਪੱਤਰ ਵਿਚ ਬਾਅਦ ਵਿਚ ਕਿਹਾ ਗਿਆ ਕਿ ਅਮਰੀਕਾ ਨੂੰ 2021 ਵਿਚ ਹੁਣ ਤੱਕ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ 62,000 ਵੀਜ਼ਾ ਜਾਰੀ ਕਰਨ ’ਤੇ ਮਾਣ ਹੈ। ਅਮਰੀਕਾ ਵਿਚ ਲੱਗਭਗ 2,00,000 ਭਾਰਤੀ ਵਿਦਿਆਰਥੀ ਅਮਰੀਕੀ ਅਰਥ ਵਿਵਸਥਾ ਵਿਚ ਸਾਲਾਨਾ 7.7 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਕਰਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।