PM ਮੋਦੀ ਦੀ ਆਸਟ੍ਰੇਲੀਆ ਫੇਰੀ ਦਾ ਅਸਰ: 95 ਫ਼ੀਸਦੀ ਭਾਰਤੀਆਂ ਨੂੰ ਮਿਲੇ ਵੀਜ਼ੇ; ਖ਼ਾਲਿਸਤਾਨੀਆਂ ਨੂੰ ਝਟਕਾ
Wednesday, May 31, 2023 - 01:59 PM (IST)
ਸਿਡਨੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਲਈ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ। ਹੁਣ ਫਾਈਲ ਆਨਲਾਈਨ ਜਮ੍ਹਾ ਕਰਨ 'ਤੇ ਵੀਜ਼ਾ ਇਕ ਮਿੰਟ 'ਚ ਤੁਰੰਤ ਮਿਲ ਜਾਂਦਾ ਹੈ। ਆਸਟ੍ਰੇਲੀਆ ਦੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਮਨਜ਼ੂਰੀ ਦਰ ਪਿਛਲੇ ਹਫ਼ਤੇ 95 ਫੀਸਦੀ ਤੱਕ ਪਹੁੰਚ ਗਈ, ਜੋ ਕਿ ਪਹਿਲਾਂ ਲਗਭਗ 50 ਫੀਸਦੀ ਸੀ। ਇਸ ਦੇ ਨਾਲ ਹੀ ਖ਼ਾਲਿਸਤਾਨ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਿਡਨੀ ਮੇਸੋਨਿਕ ਸੈਂਟਰ (ਐੱਸ.ਐੱਮ.ਸੀ.) ਨੇ ਵਿਵਾਦਤ ਸੰਗਠਨ ਸਿੱਖਸ ਫਾਰ ਜਸਟਿਸ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਹੈ। ਸਿਡਨੀ ਵਿੱਚ ਪ੍ਰਸਤਾਵਿਤ ਸੰਗਠਨ ਦੇ ਜਨਮਤ ਲਈ ਪ੍ਰਸਤਾਵਿਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਇਹ ਪ੍ਰੋਗਰਾਮ 4 ਜੂਨ ਨੂੰ ਸਿਡਨੀ ਮੇਸੋਨਿਕ ਸੈਂਟਰ 'ਚ ਆਯੋਜਿਤ ਹੋਣਾ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਕੱਟੜਪੰਥੀ ਤੱਤਾਂ 'ਤੇ ਕਾਰਵਾਈ ਕਰਨਾ ਜਾਰੀ ਰੱਖੇਗੀ ਜੋ ਦੋਵਾਂ ਦੇਸ਼ਾਂ ਦੇ ਮਜ਼ਬੂਤ ਅਤੇ ਡੂੰਘੇ ਸਬੰਧਾਂ ਨੂੰ ਵਿਗਾੜਨਾ ਚਾਹੁੰਦੇ ਹਨ।
ਬੁਕਿੰਗ ਕੀਤੀ ਗਈ ਰੱਦ
ਆਸਟ੍ਰੇਲੀਆ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਤੋਂ ਸਿੱਖ ਫੌਰ ਜਸਟਿਸ ਦੇ ਪ੍ਰੋਗਰਾਮ ਹੋਣ ਦੀ ਗੱਲ ਸਾਹਮਣੇ ਆਈ ਸੀ, ਉਦੋਂ ਤੋਂ ਹੀ ਲਗਾਤਾਰ ਸ਼ਿਕਾਇਤਾਂ ਅਤੇ ਧਮਕੀਆਂ ਮਿਲ ਰਹੀਆਂ ਸਨ। ਅਜਿਹੇ 'ਚ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਪ੍ਰੋਗਰਾਮ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਬੁਕਿੰਗ ਦੇ ਸਮੇਂ ਇਸ ਖ਼ਾਲਿਸਤਾਨੀ ਘਟਨਾ ਦੇ ਰੂਪ ਨੂੰ ਨਹੀਂ ਸਮਝ ਸਕੇ। ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸਿਡਨੀ ਮੇਸੋਨਿਕ ਸੈਂਟਰ ਕਿਸੇ ਵੀ ਘਟਨਾ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਹੈ, ਜੋ ਸੰਭਾਵਿਤ ਤੌਰ 'ਤੇ ਭਾਈਚਾਰੇ ਨੁਕਸਾਨ ਪਹੁੰਚਾ ਸਕਦਾ ਹੈ।
ਹਟਾਏ ਜਾ ਰਹੇ ਬੈਨਰ ਅਤੇ ਪੋਸਟਰ
ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਧਰਮਿੰਦਰ ਯਾਦਵ ਨੇ ਸਿੱਖ ਫੌਰ ਜਸਟਿਸ ਦੇ ਪ੍ਰਚਾਰ ਪ੍ਰੋਗਰਾਮ ਦੁਆਰਾ ਤਿਆਰ ਕੀਤੇ ਗਏ ਪੋਸਟਰਾਂ ਅਤੇ ਬੈਨਰਾਂ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਪ੍ਰਸ਼ੰਸਾ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪਿਛਲੇ ਪੰਜ ਦਿਨਾਂ ਤੋਂ ਹਰ ਰੋਜ਼ ਸਵੇਰੇ ਹਿੰਦੂ ਵਿਰੋਧੀ ਨਾਅਰਿਆਂ ਵਾਲੇ ਬੈਨਰ ਦੇਖਣ ਨੂੰ ਮਿਲ ਰਹੇ ਹਨ। ਖ਼ਾਲਿਸਤਾਨ ਸੰਕਟ ਦੇ ਸੰਦਰਭ 'ਚ ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਹੈ ਕਿ ਅਜਿਹੇ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਦੋਵੇਂ ਸਰਕਾਰਾਂ ਨੇ ਜੋ ਵੀ ਕਰਨਾ ਹੈ ਉਹ ਕਰਨੀਆਂ।
ਵੀਜ਼ਾ ਅਰਜ਼ੀ ਦੀ ਪ੍ਰਵਾਨਗੀ ਦਰ ਇੱਕ ਹਫ਼ਤੇ ਵਿੱਚ 95% ਤੱਕ ਪਹੁੰਚੀ
ਜਲੰਧਰ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਸਵੇਰੇ 10:07 ਵਜੇ ਲੈਟਰੋਬ ਯੂਨੀਵਰਸਿਟੀ ਮੈਲਬੌਰਨ ਲਈ ਵਿਦਿਆਰਥੀ ਵੀਜ਼ੇ ਲਈ ਆਨਲਾਈਨ ਅਪਲਾਈ ਕੀਤਾ ਅਤੇ ਸਵੇਰੇ 10:08 ਵਜੇ ਮਨਜ਼ੂਰੀ ਮਿਲ ਗਈ। ਸਿਰਫ਼ ਗਗਨਦੀਪ ਹੀ ਨਹੀਂ, ਕਈ ਅਜਿਹੇ ਵਿਦਿਆਰਥੀ ਵੀ ਹਨ ਜਿਨ੍ਹਾਂ ਨੂੰ ਤੇਜ਼ੀ ਨਾਲ ਵੀਜ਼ਾ ਮਿਲ ਰਿਹਾ ਹੈ। ਵੀਜ਼ਾ ਸਲਾਹਕਾਰਾਂ ਦਾ ਕਹਿਣਾ ਹੈ ਕਿ ਹੈਰਾਨੀਜਨਕ ਬਦਲਾਅ ਆਇਆ ਹੈ।
2021 'ਚ 62 ਫੀਸਦੀ ਵੀਜ਼ੇ ਹੋਏ ਮਨਜ਼ੂਰ
2021 ਵਿੱਚ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਵਾਨਗੀ ਦਰ 62 ਪ੍ਰਤੀਸ਼ਤ ਸੀ। ਅਕਤੂਬਰ 2022 ਵਿੱਚ ਇਹ ਦਰ 50 ਫੀਸਦੀ ਤੱਕ ਪਹੁੰਚ ਗਈ ਸੀ। ਪਿਛਲੇ ਸਾਲ ਭਾਰਤ, ਨੇਪਾਲ ਅਤੇ ਸ਼੍ਰੀਲੰਕਾ ਤੋਂ ਵੀਜ਼ਾ ਅਰਜ਼ੀਆਂ ਦੀ ਮਨਜ਼ੂਰੀ ਦਰ ਵੀ 50 ਫੀਸਦੀ ਸੀ। ਆਸਟ੍ਰੇਲੀਆ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਹੋ ਰਹੀ ਹੈ, ਇਸ ਲਈ ਅਰਜ਼ੀਆਂ ਵੱਡੇ ਪੱਧਰ 'ਤੇ ਰੱਦ ਕੀਤੀਆਂ ਜਾ ਰਹੀਆਂ ਹਨ। ਵੋਕੇਸ਼ਨਲ ਕੋਰਸਾਂ ਵਿੱਚ ਪਾਸ ਦਰ ਸਿਰਫ਼ 3.8 ਫ਼ੀਸਦੀ ਰਹੀ। ਯਾਨੀ ਕਿ 900 ਵਿੱਚੋਂ ਸਿਰਫ਼ 34 ਬੱਚਿਆਂ ਨੂੰ ਵੀਜ਼ਾ ਦਿੱਤਾ ਗਿਆ। ਜੁਲਾਈ 2022 ਤੱਕ, 96,000 ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਸਨ, ਜੋ ਚੀਨ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਿੱਖਸ ਫੌਰ ਜਸਟਿਸ ਵੱਲੋਂ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦਾ ਵਿਰੋਧ, ਲੱਗੇ ਖ਼ਾਲਿਸਤਾਨ ਦੇ ਨਾਅਰੇ
ਇਕ ਵੀ ਵੀਜ਼ਾ ਰੱਦ ਨਹੀਂ ਕੀਤਾ ਗਿਆ
ਆਸਟ੍ਰੇਲੀਅਨ ਅੰਬੈਸੀ ਦੇ ਅਧਿਕਾਰਤ ਏਜੰਟ ਦਾ ਕਹਿਣਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਫੇਰੀ ਨੇ ਜ਼ਬਰਦਸਤ ਉਛਾਲ ਲਿਆਇਆ ਹੈ। ਅੱਜ ਤੱਕ ਕਦੇ ਵੀ ਇੰਨੀ ਉੱਚੀ ਵੀਜ਼ਾ ਸਫਲਤਾ ਦਰ ਨਹੀਂ ਸੀ ਜਿੰਨੀ ਇੱਕ ਹਫ਼ਤੇ ਵਿੱਚ ਹੋਈ ਹੈ। 100 ਫੀਸਦੀ ਵੀਜ਼ੇ ਮਿਲ ਚੁੱਕੇ ਹਨ। ਇੱਥੋਂ ਤੱਕ ਕਿ ਵੀਜ਼ਾ ਵੀ ਇੱਕ ਮਿੰਟ ਵਿੱਚ ਆ ਗਿਆ। ਹੁਣ ਬਜ਼ਾਰ ਬਦਲੇਗਾ, ਆਸਟ੍ਰੇਲੀਆ ਵੱਲ ਦੌੜ ਹੋਵੇਗੀ, ਜਿਹੜੀ ਭੀੜ ਕੈਨੇਡਾ ਤੇ UK ਨੂੰ ਜਾ ਰਹੀ ਸੀ ਉਹ ਹੁਣ ਆਸਟ੍ਰੇਲੀਆ ਵੱਲ ਜਾਵੇਗੀ। ਆਸਟ੍ਰੇਲੀਅਨ ਸਟੱਡੀ ਵੀਜ਼ਾ ਦੀ ਇਕ ਕੌਂਸਲਰ ਦਾ ਕਹਿਣਾ ਹੈ ਕਿ ਚੰਗੀ ਗੱਲ ਇਹ ਹੈ ਕਿ. ਇੱਕ ਵੀ ਵੀਜ਼ਾ ਰੱਦ ਨਹੀਂ ਕੀਤਾ ਗਿਆ ਹੈ। ਇਹ ਉਸ ਦੇ ਕਰੀਅਰ ਵਿੱਚ ਪਹਿਲੀ ਵਾਰ ਹੈ, ਜਦੋਂ ਅਜਿਹਾ ਉਛਾਲ ਆਇਆ ਹੈ। ਹੁਣ ਆਸਟ੍ਰੇਲੀਅਨ ਵੈਟ ਐਜੂਕੇਸ਼ਨ ਇੰਡਸਟਰੀ ਆਉਣ ਵਾਲੇ ਦਿਨਾਂ ਵਿੱਚ ਵਧੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।