''ਸਿੱਖਸ ਆਫ ਅਮਰੀਕਾ'' ਸੰਸਥਾ ਤੇ PM ਮੋਦੀ ਦੀ ਮਿਲਣੀ ਨੇ ਸਿਰਜਿਆ ਇਤਿਹਾਸ

09/22/2019 2:47:18 PM

ਹਿਊਸਟਨ, (ਰਾਜ ਗੋਗਨਾ)— 'ਸਿੱਖਸ ਆਫ ਅਮਰੀਕਾ' ਇਕ ਅਜਿਹੀ ਸੰਸਥਾ ਹੈ ਜੋ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ। ਇਸ ਸੰਸਥਾ ਨੇ ਸਾਰੇ ਕੰਮ ਛੱਡ ਕੇ ਉਸ ਨੂੰ ਪੂਰਿਆਂ ਕਰਨ ਲਈ ਆਪਣੀ ਪੂਰੀ ਹਿੰਮਤ ਜੁਟਾਈ ਹੈ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਇਸ ਸੰਸਥਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਫੇਰੀ ਦੌਰਾਨ ਮਿਲਣ ਦਾ ਉਪਰਾਲਾ ਕੀਤਾ। ਸਿੱਖਾਂ ਦਾ ਕਹਿਣਾ ਹੈ ਕਿ ਪੀ. ਐੱਮ. ਮੋਦੀ ਤੇ 'ਸਿੱਖਸ ਆਫ ਅਮਰੀਕਾ' ਦੀ ਮਿਲਣੀ ਨੇ ਇਤਿਹਾਸ ਸਿਰਜਿਆ ਹੈ। ਇਸ ਨੂੰ ਜਸਦੀਪ ਸਿੰਘ ਜੱਸੀ, ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਆਪਣੇ ਪੂਰੇ ਵਸੀਲਿਆਂ ਨੂੰ ਜੁਟਾ ਕੇ ਇਸ ਮਿਲਣੀ ਨੂੰ ਕਾਮਯਾਬ ਕੀਤਾ ਹੈ। ਪੂਰੇ ਅਮਰੀਕਾ ਤੋਂ ਸਿਰਕੱਢ ਸ਼ਖ਼ਸੀਅਤਾਂ ਨੂੰ 'ਸਿੱਖਸ ਆਫ ਅਮਰੀਕਾ' ਦੇ ਬੈਨਰ ਹੇਠ ਇਕੱਠਿਆਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਿਊਸਟਨ (ਟੈਕਸਾਸ) ਦੇ ਇਕ ਨਾਮੀ ਹੋਟਲ ਵਿੱਚ ਪੂਰੇ ਵਫ਼ਦ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਜਸਦੀਪ ਸਿੰਘ ਜੱਸੀ ਨੇ ਮੈਮੋਰੈਂਡਮ ਦੀਆਂ ਸਾਰੀਆਂ ਮੰਗਾਂ ਨੂੰ ਦੱਸਿਆ ।

ਉਨ੍ਹਾਂ ਮੰਗ ਕੀਤੀ ਕਿ—
1. ਧਾਰਾ 25 ਨੂੰ ਖਤਮ ਕੀਤਾ ਜਾਵੇ।
2. ਆਨੰਦ ਮੈਰਿਜ ਐਕਟ ਨੂੰ ਪ੍ਰਵਾਨਤ ਕਰਕੇ ਸਿੱਖ ਆਨੰਦ ਮੈਰਿਜ ਐਕਟ ਨੂੰ ਦਰਜ ਕੀਤਾ ਜਾਵੇ।
3. ਰਾਜਸੀ ਸ਼ਰਨ ਵਾਲ਼ਿਆਂ ਨੂੰ ਵੀਜ਼ਾ-ਪਾਸਪੋਰਟ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਹੂਲਤ ਦਿੱਤੀ ਜਾਵੇ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
4. ਕਰਤਾਰਪੁਰ ਕਾਰੀਡੋਰ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਖੋਲ੍ਹਿਆ ਜਾਵੇ।
5. 1984 ਦੇ ਦੋਸ਼ੀਆਂ ਨੂੰ ਸੱਜਣ ਕੁਮਾਰ ਵਾਂਗ ਸਲਾਖ਼ਾਂ ਪਿੱਛੇ ਕਰਨ ਦਾ ਵਾਅਦਾ ਵੀ ਕੀਤਾ ਗਿਆ।
6. ਸਿੱਖ ਵਫ਼ਦ ਨੇ ਦਿੱਲੀ ਏਅਰਪੋਰਟ ਦਾ ਨਾਮ ਬਾਬਾ ਨਾਨਕ ਦੇ ਨਾਮ 'ਤੇ ਰੱਖਣ ਦੀ ਬੇਨਤੀ ਵੀ ਕੀਤੀ। ਸਿੱਖਾਂ ਦੇ ਇਸ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਉਪਰੰਤ ਜਸਦੀਪ ਸਿੰਘ ਜੱਸੀ ਨੇ ਸਿਰਪਾਓ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ। ਇਸ ਸਾਰੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਭਾਰਤੀ ਅੰਬੈਸੀ ਦਾ ਵੀ ਅਹਿਮ ਯੋਗਦਾਨ ਸੀ । ਇਸ ਸਦਕਾ ਇਹ ਮਿਲਣੀ ਕਾਮਯਾਬੀ ਦਾ ਪੰਧ ਪੂਰਾ ਕਰ ਸਕੀ ਹੈ। ਡਾਕਟਰ ਅਡੱਪਾ ਪ੍ਰਸਾਦ ਉਪ ਪ੍ਰਧਾਨ ਓਵਰਸੀਜ਼ ਭਾਜਪਾ ਦੀ ਭੂਮਿਕਾ ਵੀ ਅਹਿਮ ਰਹੀ, ਜਿਨ੍ਹਾਂ ਨੇ ਇਸ ਮੀਟਿੰਗ ਨੂੰ ਸਿਰੇ ਚੜ੍ਹਾਇਆ ਹੈ। ਇਸ ਵਫ਼ਦ ਦੇ ਮੁੱਖ ਹਾਜ਼ਰੀਨ ਵਿੱਚ ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ, ਮਨਿੰਦਰ ਸਿੰਘ ਸੇਠੀ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਸੰਨੀ, ਰਤਨ ਸਿੰਘ , ਆਤਮਾ ਸਿੰਘ , ਜਸਵਿੰਦਰ ਸਿੰਘ ,ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਿੰਦਰ ਸਿੰਘ ਖਾਲਸਾ ,ਗੁਰਚਰਨ ਸਿੰਘ, ਦਲਵੀਰ ਸਿੰਘ , ਸੁਰਜੀਤ ਸਿੰਘ ਗੋਲਡੀ, ਜੈਮੋਦ ਸਿੰਘ , ਗੁਰਇਕਬਾਲ ਸਿੰਘ, ਪ੍ਰਿਤਪਾਲ ਸਿੰਘ ਲੱਕੀ, ਚੱਤਰ ਸਿੰਘ ਸੈਣੀ, ਹਰਦੀਪ ਸਿੰਘ ਸੈਣੀ, ਇਨ੍ਹਾਂ ਤੋਂ ਇਲਾਵਾ ਡਾਕਟਰ ਸੁਰਿੰਦਰ ਸਿੰਘ ਗਿੱਲ , ਡਾਕਟਰ ਸੁਖਪਾਲ ਸਿੰਘ ਧੰਨੋਆ ਤੇ ਤੇਜਿੰਦਰ ਸਿੰਘ ਨੇ ਯੋਗਦਾਨ ਪਾਇਆ, ਜੋ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਇਹ ਇਤਿਹਾਸਕ ਮਿਲਣੀ ਆਉਣ ਵਾਲੇ ਸਮੇਂ ਵਿੱਚ ਕਈ ਕੁਝ ਕਰ ਗੁਜ਼ਰਨ ਨੂੰ ਤਰਜੀਹ ਦੇਵੇਗੀ।

ਸਿੱਖਾਂ ਦੇ ਖੇਮੇ ਵਿੱਚ ਇਹ ਮਿਲਣੀ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗੀ ਕਿਉਂਕਿ ਇਸ 'ਤੇ ਪੂਰੇ ਸੰਸਾਰ ਦੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ । ਪ੍ਰਧਾਨ ਮੰਤਰੀ ਵੀ ਕਹਿਣੀ ਤੇ ਕਰਨੀ ਦੇ ਪੱਕੇ ਹਨ, ਜਿਨ੍ਹਾਂ ਨੇ ਪਹਿਲੀ ਮਿਲਣੀ 'ਤੇ ਵੀ ਕੀਤੇ ਵਾਅਦਿਆਂ 'ਤੇ ਫੁੱਲ ਚੜ੍ਹਾਏ ਸਨ। ਹੁਣ ਵੀ ਉਸੇ ਆਸ ਨਾਲ ਪੂਰਿਆਂ ਕਰਨ ਸੰਬੰਧੀ ਵਚਨਬੱਧਤਾ ਨਿਭਾਈ ਹੈ।


Related News