ਪਾਕਿਸਤਾਨ ’ਚ ‘ਮਹਾਘਪਲੇ’ ਦੀ ਜਾਂਚ ਸ਼ੁਰੂ, PM ਇਮਰਾਨ ਖਾਨ ਨੂੰ ਲੱਗ ਸਕਦੈ ਵੱਡਾ ਝਟਕਾ

Wednesday, May 26, 2021 - 04:56 PM (IST)

ਇੰਟਰਨੈਸ਼ਨਲ ਡੈਸਕ : ‘ਨਵਾਂ ਪਾਕਿਸਤਾਨ’ ਬਣਾਉਣ ਦਾ ਵਾਅਦਾ ਕਰ ਕੇ ਪਾਕਿਸਤਾਨ ਦੀ ਸੱਤਾ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਿਨੋ-ਦਿਨ ਸਮੱਸਿਆਵਾਂ ’ਚ ਘਿਰਦੇ ਜਾ ਰਹੇ ਹਨ। ਇਕ ਪਾਸੇ ਤਾਂ ਕੋਰੋਨਾ ਨੇ ਪਾਕਿਸਤਾਨ ’ਚ ਕਹਿਰ ਵਰ੍ਹਾਇਆ ਹੋਇਆ ਹੈ, ਦੂਜੇ ਪਾਸੇ ਮਹਿੰਗਾਈ ਨੇ ਵੀ ਪਾਕਿਸਤਾਨ ਦੇ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਹੋਰ ਝਟਕਾ ਲੱਗਾ ਹੈ। ਪਾਕਿਸਤਾਨ ਦੇ ਰਾਵਲਪਿੰਡੀ ਰਿੰਗ ਰੋਡ (ਆਰ. ਆਰ. ਆਰ.) ਪ੍ਰਾਜੈਕਟ ਨੇ ਦੇਸ਼ ’ਚ ਸਿਆਸੀ ਗਲਿਆਰਿਆਂ ’ਚ ਤਹਿਲਕਾ ਮਚਾ ਦਿੱਤਾ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ. ਐੱਨ) ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ-ਨਾਲ ਰਾਵਲਪਿੰਡੀ ਰਿੰਗ ਰੋਡ ਪ੍ਰਾਜੈਕਟ ਦੇ ਘਪਲੇ ’ਚ ਕਥਿਤ ਤੌਰ ’ਤੇ ਸ਼ਾਮਲ ਹੋਰ ਮੰਤਰੀਆਂ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਸਬੂਤ ਸਾਹਮਣੇ ਆਏ ਹਨ ਕਿ ਇਮਰਾਨ ਖਾਨ ਤੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਆਰ. ਆਰ. ਆਰ. ਪ੍ਰਾਜੈਕਟ ਦਾ ਸਮਰਥਨ ਕੀਤਾ ਸੀ।
ਅਜਿਹੀ ਹਾਲਤ ’ਚ ਜਦੋਂ ਪਾਕਿਸਤਾਨ ਦੀ ਐਂਟੀ ਕੁਰੱਪਸ਼ਨ ਏਜੰਸੀ ਨੇ ਇਸ ਪ੍ਰਾਜੈਕਟ ਨਾਲ ਜੁੜ ਘਪਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹੀ ਇਸ ਸੜਕੀ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਕ ਅਖਬਾਰ ਦੇ ਹਵਾਲੇ ਨਾਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਲਈ ਐਂਟੀ ਕੁਰੱਪਸ਼ਨ ਏਜੰਸੀ ਦੇ ਮਹਾਨਿਰਦੇਸ਼ਕ ਮੁਹੰਮਦ ਗੋਹਰ ਵੱਲੋਂ ਨਾਮਜ਼ਦ ਜਾਂਚ ਟੋਲੀ ’ਚ ਕਾਨੂੰਨੀ, ਤਕਨੀਕੀ ਤੇ ਆਰਥਿਕ ਮਾਹਿਰ ਹਨ। ਜਾਂਚ ਮੁਕੰਮਲ ਹੋਣ ਤੋਂ ਬਾਅਦ ਪ੍ਰਾਜੈਕਟ ਨਾਲ ਜੁੜੇ ਸਾਰੇ ਤੱਥ ਜਨਤਕ ਕਰ ਦਿੱਤੇ ਜਾਣਗੇ।

ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨੇ ਦਿੱਤਾ ਅਸਤੀਫ਼ਾ
ਇਕ ਅਖਬਾਰ ਦੀ ਰਿਪੋਰਟ ਅਨੁਸਾਰ ਇਹ ਦੋਸ਼ ਇੰਨੇ ਗੰਭੀਰ ਹਨ ਕਿ ਇਸ ਵਿਚ ਨਾਂ ਆਉਣ ’ਤੇ ਇਮਰਾਨ ਦੇ ਵਿਸ਼ੇਸ਼ ਸਹਾਇਕ ਜ਼ੁਲਫੀ ਬੁਖਾਰੀ ਨੇ ਅਸਤੀਫਾ ਵੀ ਦੇ ਦਿੱਤਾ ਹੈ। ਹਾਲ ਹੀ ’ਚ ਆਈ ਇਕ ਰਿਪੋਰਟ ਤੋਂ ਪਤਾ ਲੱਗਾ ਕਿ ਘਪਲੇ ਦੀ ਸੁਰੂਆਤੀ ਜਾਂਚ ’ਚ ਦੇਖਿਆ ਗਿਆ ਕਿ ਆਰ. ਆਰ. ਆਰ. ਪ੍ਰਾਜੈਕਟ ਦੇ ਹਿੱਸੇ ਵਜੋਂ 130 ਅਰਬ ਰੁਪਏ ਜਾਇਦਾਦਾਂ ਦੇ ਸੌਦਿਆਂ ’ਚ ਲਾਏ ਗਏ ਹਨ।

ਪਾਕਿ PM ਦੇ ਨਾਲ ਇਹ ਵੀ ਆਉਣਗੇ ਲਪੇਟੇ ’ਚ
ਆਰ. ਆਰ. ਆਰ. ਪ੍ਰਾਜੈਕਟ ਨਾਲ ਜੁੜੇ ਘਪਲੇ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ 18 ਹੋਰ ਸਿਆਸਤ ਨਾਲ ਜੁੜੇ ਲੋਕ ਤੇ ਹੋਰ ਪ੍ਰਭਾਵਸ਼ਾਲੀ ਬਿਲਡਰਾਂ ਤੇ ਪ੍ਰਾਪਰਟੀ ਟਾਈਕੂਨ ਨੇ ਰਾਵਲਪਿੰਡੀ/ਅਟਾਕ ਲੂਪ, ਪਾਸਵਾਲ ਜ਼ਿਗਜ਼ੈਗ, ਜੀ. ਟੀ. ਰੋਡ ਤੇ ਇਸਲਾਮਾਬਾਦ ਮਾਰਗਲੱਲਾ ਐਵੇਨਿਊ ਦੀ ਹੱਦ ਦੇ ਅੰਦਰ ਵੱਖ-ਵੱਖ ਸੌਦਿਆਂ ’ਚ ਜ਼ਮੀਨ ਦੇ ਲੱਗਭਗ 64000 ਕਨਾਲ ਦਾ ਐਕਵਾਇਰ ਕੀਤਾ ਹੈ। ਇਹ ਸਾਰੇ ਸੌਦੇ ਜਾਂਚ ਦੇ ਘੇਰੇ ’ਚ ਹਨ।    


Manoj

Content Editor

Related News