PM ਇਮਰਾਨ ਖਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਰਾਰ ਦਿੱਤਾ 'ਸ਼ਹੀਦ'

06/25/2020 8:46:45 PM

ਇਸਲਾਮਾਬਾਦ - ਅੱਤਵਾਦ ਦੇ ਖਾਤਮੇ ਨੂੰ ਲੈ ਕੇ ਪਾਕਿਸਤਾਨ ਦਾ ਕੀ ਰੁਖ ਹੈ ਇਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੇਸ਼ ਦੀ ਸੰਸਦ ਵਿਚ ਦਿੱਤੇ ਬਿਆਨ ਤੋਂ ਸਾਫ ਹੋ ਰਿਹਾ ਹੈ। ਦੁਨੀਆ ਭਰ ਵਿਚ ਖੁੰਖਾਰ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਖਾਨ ਨੇ 'ਸ਼ਹੀਦ' ਕਰਾਰ ਦਿੱਤਾ ਹੈ। ਖਾਨ ਨੇ ਇਹ ਬਿਆਨ ਅਜਿਹੇ ਵੇਲੇ ਵਿਚ ਦਿੱਤਾ ਹੈ ਜਦ ਪਹਿਲਾਂ ਹੀ ਅੰਤਰਰਾਸ਼ਟਰੀ ਮੰਚ 'ਤੇ ਅੱਤਵਾਦ ਖਿਲਾਫ ਕੋਈ ਕਦਮ ਨਾ ਚੁੱਕਣ ਅਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਦਾ ਦੋਸ਼ ਉਸ 'ਤੇ ਲੱਗ ਰਿਹਾ ਹੈ।

ਇਸਲਾਮਾਬਾਦ ਨੂੰ ਬਿਨਾਂ ਦੱਸੇ ਓਸਾਮਾ ਨੂੰ ਕੀਤਾ ਸ਼ਹੀਦ
ਇਸਲਾਮਾਬਾਦ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਲਕਾਇਦਾ ਸਰਗਨਾ ਅਤੇ ਖੁੰਖਾਰ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਸੰਸਦ ਵਿਚ ਸ਼ਹੀਦ ਕਰਾਰ ਦਿੱਤਾ ਹੈ। ਇਹੀਂ ਨਹੀਂ, ਖਾਨ ਨੇ ਇਹ ਵੀ ਆਖਿਆ ਕਿ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਜੰਗ ਵਿਚ ਅਮਰੀਕਾ ਦਾ ਸਾਥ ਨਹੀਂ ਦੇਣਾ ਚਾਹੀਦਾ ਸੀ। ਅਮਰੀਕਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਖਾਨ ਨੇ ਆਖਿਆ ਕਿ ਅਮਰੀਕੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਵਿਚ ਦਾਖਲ ਹੋ ਕੇ ਲਾਦੇਨ ਨੂੰ ਸ਼ਹੀਦ ਕਰ ਦਿੱਤਾ ਅਤੇ ਪਾਕਿਸਤਾਨ ਨੂੰ ਦੱਸਿਆ ਵੀ ਨਹੀਂ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ ਪਾਕਿਸਤਾਨ ਦੀ ਹੀ ਬੇਇੱਜ਼ਤੀ ਕਰਨ ਲੱਗੀ।

ਪਾਕਿਸਤਾਨੀਆਂ ਨੂੰ ਕਰਨਾ ਪਿਆ ਸੀ ਪਰੇਸ਼ਾਨੀ ਦਾ ਸਾਹਮਣਾ
ਖਾਨ ਨੇ ਆਖਿਆ ਕਿ ਪਾਕਿਸਾਤਨ ਨੇ ਅਮਰੀਕਾ ਦੀ ਅੱਤਵਾਦ ਖਿਲਾਫ ਜੰਗ ਵਿਚ ਆਪਣੇ 70 ਹਜ਼ਾਰ ਲੋਕਾਂ ਨੂੰ ਗੁਆ ਦਿੱਤਾ। ਖਾਨ ਨੇ ਆਖਿਆ ਕਿ ਜੋ ਪਾਕਿਸਤਾਨ ਦੇਸ਼ ਤੋਂ ਬਾਹਰ ਸਨ, ਇਸ ਘਟਨਾ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 2010 ਤੋਂ ਬਾਅਦ ਪਾਕਿਸਤਾਨ ਵਿਚ ਡ੍ਰੋਨ ਹਮਲਾ ਹੋਇਆ ਅਤੇ ਸਰਕਾਰ ਨੇ ਸਿਰਫ ਨਿੰਦਾ ਕੀਤੀ। ਉਨ੍ਹਾਂ ਆਖਿਆ ਕਿ ਜਦ ਅਮਰੀਕਾ ਦੇ ਐਡਮੀਰਲ ਮਨਲ ਤੋਂ ਪੁੱਛਿਆ ਗਿਆ ਕਿ ਪਾਕਿਸਤਾਨ 'ਤੇ ਡ੍ਰੋਨ ਹਮਲੇ ਕੀਤੇ ਜਾ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਜਾਜ਼ਤ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਪਹਿਲਾਂ ਵੀ ਦਿਖਾ ਚੁੱਕੇ ਹਨ ਨਰਮ ਦਿਲ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦ ਇਮਰਾਨ ਖਾਨ ਨੇ ਅਜਿਹਾ ਵਿਵਾਦਤ ਬਿਆਨ ਦਿੱਤਾ ਹੈ। ਓਸਾਮਾ ਨੂੰ ਲੈ ਕੇ ਵੀ ਉਹ ਨਰਮ ਰਵੱਈਆ ਅਪਣਾਉਂਦੇ ਦਿਖੇ ਹਨ। ਉਨ੍ਹਾਂ ਨੇ ਕਈ ਮੌਕਿਆਂ 'ਤੇ ਉਸ ਨੂੰ ਅੱਤਵਾਦੀ ਮੰਨਣ ਤੋਂ ਇਨਕਾਰ ਕੀਤਾ ਹੈ। ਉਹ ਤਾਲਿਬਾਨੀ ਲੜਾਕਿਆਂ ਨੂੰ ਭਰਾ ਤੱਕ ਆਖ ਚੁੱਕੇ ਹਨ। ਪਹਿਲਾਂ ਦੀਆਂ ਸਰਕਾਰਾਂ ਦੌਰਾਨ ਉਹ ਡ੍ਰੋਨ ਹਮਲਿਆਂ ਦੀ ਖੁੱਲ੍ਹ ਕੇ ਨਿੰਦਾ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਆਖਣਾ ਸੀ ਕਿ ਜੇਕਰ ਡ੍ਰੋਨ ਹਮਲੇ ਬੰਦ ਹੋ ਜਾਣ ਤਾਂ ਤਾਲਿਬਾਨੀ ਗਤੀਵਿਧੀਆਂ ਵੀ ਬੰਦ ਹੋ ਜਾਣਗੀਆਂ।


Khushdeep Jassi

Content Editor

Related News