PM ਹਸੀਨਾ ਨੇ ਬੰਗਲਾਦੇਸ਼ ਦੇ ਸਭ ਤੋਂ ਲੰਬੇ ''ਪਦਮਾ'' ਪੁਲ ਦਾ ਕੀਤਾ ਉਦਘਾਟਨ

Saturday, Jun 25, 2022 - 04:45 PM (IST)

PM ਹਸੀਨਾ ਨੇ ਬੰਗਲਾਦੇਸ਼ ਦੇ ਸਭ ਤੋਂ ਲੰਬੇ ''ਪਦਮਾ'' ਪੁਲ ਦਾ ਕੀਤਾ ਉਦਘਾਟਨ

ਢਾਕਾ (ਏਜੰਸੀ)- ਪ੍ਰਧਾਨ ਮੰਤਰੀ ਹਸੀਨਾ ਨੇ ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ ਕੀਤਾ, ਜੋ ਪੂਰੀ ਤਰ੍ਹਾਂ ਨਾਲ ਦੇਸ਼ ਦੇ ਫੰਡਾਂ ਨਾਲ ਬਣਿਆ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਪਦਮਾ ਪੁਲ ਸਿਰਫ਼ ਇੱਟਾਂ ਅਤੇ ਸੀਮਿੰਟ ਦਾ ਢੇਰ ਨਹੀਂ, ਸਗੋਂ ਬੰਗਲਾਦੇਸ਼ ਦੇ ਮਾਣ, ਸਮਰਥਾ ਅਤੇ ਸ਼ਾਨ ਦਾ ਪ੍ਰਤੀਕ ਹੈ। ਪਦਮਾ ਨਦੀ 'ਤੇ ਬਣੇ ਇਸ ਪੁਲ ਦੀ ਲੰਬਾਈ 6.15 ਕਿਲੋਮੀਟਰ ਹੈ ਅਤੇ ਇਹ ਦੱਖਣ-ਪੱਛਮੀ ਬੰਗਲਾਦੇਸ਼ ਨੂੰ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ। ਇਸ ਬਹੁ-ਮੰਤਵੀ ਸੜਕ-ਰੇਲ ਪੁਲ ਦੇ ਨਿਰਮਾਣ ਦਾ ਖ਼ਰਚਾ, 3 ਅਰਬ 60 ਕਰੋੜ ਡਾਲਰ ਹੈ, ਜਿਸ ਨੂੰ ਪੂਰੀ ਤਰ੍ਹਾਂ ਬੰਗਲਾਦੇਸ਼ ਸਰਕਾਰ ਨੇ ਖ਼ਰਚਿਆ ਹੈ।

PunjabKesari

ਹਸੀਨਾ ਨੇ ਪਦਮਾ ਪੁਲ ਦੇ ਨਿਰਮਾਣ ਨਾਲ ਜੁੜੇ ਲੋਕਾਂ ਦਾ ਧੰਨਵਾਦ ਕੀਤਾ। ਪਦਮਾ ਪੁਲ ਦਾ ਉਦਘਾਟਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਘਰੇਲੂ ਖ਼ਰਚੇ ਨਾਲ ਬਣਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਪਦਮਾ ਪੁਲ ਦੀ ਨਿਰਮਾਣ ਯੋਜਨਾ ਦਾ ਵਿਰੋਧ ਕੀਤਾ ਅਤੇ ਉਸ ਨੂੰ 'ਪਾਈਪ ਡਰੀਮ' ਦੱਸਿਆ, ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਦੀ ਕਮੀ ਸੀ। ਮੈਨੂੰ ਉਮੀਦ ਹੈ ਕਿ ਇਹ ਪੁਲ ਉਨ੍ਹਾਂ ਦੇ ਅੰਦਰ ਵਿਸ਼ਵਾਸ ਪੈਦਾ ਕਰੇਗਾ।' ਉਨ੍ਹਾਂ ਕਿਹਾ, 'ਇਹ ਪੁਲ ਸਿਰਫ਼ ਇੱਟਾਂ, ਸੀਮਿੰਟ, ਲੋਹੇ ਅਤੇ ਕੰਕਰੀਟ ਦਾ ਢੇਰ ਨਹੀਂ...ਇਹ ਪੁਲ ਸਾਡਾ ਮਾਣ ਹੈ, ਇਹ ਸਾਡੀ ਸਮਰਥਾ, ਸ਼ਕਤੀ ਅਤੇ ਸ਼ਾਨ ਦਾ ਪ੍ਰਤੀਕ ਹੈ। ਇਹ ਪੁਲ ਬੰਗਲਾਦੇਸ਼ ਦੇ ਲੋਕਾਂ ਦਾ ਹੈ।' ਇਸ ਦੌਰਾਨ ਭਾਰਤੀ ਹਾਈ ਕਮਿਸ਼ਨ ਨੇ ਇਸ ਪ੍ਰਾਜੈਕਟ ਦੇ ਪੂਰਾ ਹੋਣ 'ਤੇ ਬੰਗਲਾਦੇਸ਼ ਸਰਕਾਰ ਨੂੰ ਵਧਾਈ ਦਿੱਤੀ।
 


author

cherry

Content Editor

Related News