ਆਸਟ੍ਰੇਲੀਆ ''ਚ ਦੋ ਛੋਟੇ ਜਹਾਜ਼ ਹੋਏ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ
Wednesday, Feb 19, 2020 - 10:21 AM (IST)

ਪਰਥ— ਦੱਖਣੀ-ਪੂਰਬੀ ਆਸਟ੍ਰੇਲੀਆ 'ਚ ਇਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਹੈ। ਇੱਥੇ ਦੋ ਛੋਟੇ ਜਹਾਜ਼ਾਂ ਦੀ ਆਪਸ 'ਚ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਹਾਂ ਜਹਾਜ਼ਾਂ ਦਾ ਮਲਬਾ ਘਾਹ ਦੇ ਮੈਦਾਨ 'ਚ ਚਾਰੋਂ ਪਾਸੇ ਫੈਲ ਗਿਆ। ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬੌਰਨ 'ਚ ਹੋਏ ਇਸ ਹਾਦਸੇ ਦੀ ਮਦਦ ਲਈ ਹੋਰ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪੁੱਜ ਗਈਆਂ।
ਵਿਕਟੋਰੀਆ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਦੋਹਾਂ ਜਹਾਜ਼ਾਂ 'ਚ ਮੌਜੂਦ ਦੋ-ਦੋ ਵਿਅਕਤੀਆਂ ਦੀ ਹਾਦਸੇ 'ਚ ਮੌਤ ਹੋ ਗਈ ਹੈ। ਫਿਲਹਾਲ ਮਰਨ ਵਾਲੇ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ। ਸਥਾਨਕ ਮੀਡੀਆ ਵਲੋਂ ਜਾਰੀ ਕੀਤੀ ਗਈਆਂ ਤਸਵੀਰਾਂ 'ਚ ਦੋ ਛੋਟੇ ਜਹਾਜ਼ਾਂ ਦਾ ਮਲਬਾ ਦਿਖਾਈ ਦੇ ਰਿਹਾ ਹੈ। ਨਾਗਰਿਕ ਉਡਾਣ ਸੁਰੱਖਿਆ ਵਿਭਾਗ ਅਤੇ ਆਸਟ੍ਰੇਲੀਆਈ ਆਵਾਜਾਈ ਸੁਰੱਖਿਆ ਬਿਊਰੋ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।