US 'ਚ ਜਹਾਜ਼ ਦਾ ਤੇਲ ਡਿਗਣ ਕਾਰਨ ਸਕੂਲਾਂ ਦੇ ਕਈ ਬੱਚੇ ਜ਼ਖਮੀ

1/15/2020 9:45:41 AM

ਲਾਸ ਏਂਜਲਸ— ਅਮਰੀਕਾ ਦੇ ਲਾਸ ਏਂਜਲਸ 'ਚ ਕਈ ਸਕੂਲਾਂ 'ਤੇ ਹਵਾਈ ਜਹਾਜ਼ ਦਾ ਤੇਲ ਡਿਗਣ ਕਾਰਨ ਸਕੂਲੀ ਬੱਚਿਆਂ ਸਣੇ 40 ਲੋਕ ਜ਼ਖਮੀ ਹੋ ਗਏ। ਫਾਇਰ ਫਾਈਟਰਜ਼ ਵਿਭਾਗ ਨੇ ਦੱਸਿਆ ਕਿ ਇਸ ਹਾਦਸੇ 'ਚ ਐਲੀਮੈਂਟਰੀ ਸਕੂਲ ਦੇ 20 ਬੱਚੇ ਅਤੇ ਹੋਰ 11 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ 17 ਬੱਚਿਆਂ ਸਣੇ 9 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਕਰਵਾਇਆ ਗਿਆ ਹੈ।

PunjabKesari

ਸਥਾਨਕ ਮੀਡੀਆ ਦੇ ਮੁਤਾਬਕ ਕੁਲ 60 ਲੋਕਾਂ ਦਾ ਇਲਾਜ ਕਰਵਾਇਆ ਗਿਆ ਹੈ। ਇਸ ਦੌਰਾਨ ਤੇਲ ਰਿਸਣ ਵਾਲੇ ਜਹਾਜ਼ ਨਾਲ ਜੁੜੀ ਕੰਪਨੀ ਡੇਲਟਾ ਏਅਰਲਾਈਂਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ ਤੋਂ ਮੰਗਲਵਾਰ ਨੂੰ ਜਹਾਜ਼ 89 ਨੇ ਸ਼ਿੰਘਾਈ ਲਈ ਉਡਾਣ ਭਰੀ ਸੀ ਪਰ ਉਸ ਦੇ ਤੁਰੰਤ ਬਾਅਦ ਹੀ ਇੰਜਣ 'ਚ ਸਮੱਸਿਆ ਦੇ ਬਾਅਦ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੈਂਡਿੰਗ ਲਈ ਭਾਰ ਘੱਟ ਕਰਨ ਕਾਰਨ ਤੇਲ ਛੱਡਣਾ ਪਿਆ ਸੀ। ਇਸ ਹਾਦਸੇ ਦੇ ਬਾਅਦ ਬੱਚਿਆਂ ਨੂੰ ਐਲਰਜੀ ਵਰਗੀ ਸਮੱਸਿਆ ਹੋਈ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ।
ਕਈ ਲੋਕਾਂ ਨੇ ਦੱਸਿਆ ਕਿ ਉਹ ਸਮਝੇ ਸਨ ਕਿ ਸ਼ਾਇਦ ਇਹ ਧੂੰਆਂ ਹੈ ਪਰ ਜਦ ਉਨ੍ਹਾਂ ਦੀਆਂ ਅੱਖਾਂ 'ਚ ਇਹ ਪਿਆ ਤਾਂ ਜਲਣ ਮਹਿਸੂਸ ਹੋਈ। ਦੱਸਿਆ ਜਾ ਰਿਹਾ ਹੈ ਕਿ ਲਗਭਗ 6 ਸਕੂਲਾਂ 'ਤੇ ਇਹ ਤੇਲ ਡਿੱਗਿਆ। ਕੁੱਝ ਬੱਚਿਆਂ ਨੂੰ ਸਕੂਲ 'ਚ ਹੀ ਨਹਾ ਕੇ ਗਾਊਨ ਪੁਆ ਦਿੱਤੇ ਗਏ ਸਨ।