ਚੀਨ ਜਹਾਜ਼ ਹਾਦਸਾ: ਇਕ ''ਬਲੈਕ ਬਾਕਸ'' ਮਿਲਿਆ

Wednesday, Mar 23, 2022 - 05:15 PM (IST)

ਚੀਨ ਜਹਾਜ਼ ਹਾਦਸਾ: ਇਕ ''ਬਲੈਕ ਬਾਕਸ'' ਮਿਲਿਆ

ਵੁਝੋਉ/ਚੀਨ (ਭਾਸ਼ਾ)- ਚੀਨ ਵਿਚ ਸੋਮਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਦੇ 2 ਬਲੈਕ ਬਾਕਸ ਵਿਚੋਂ ਇਕ ਮਿਲ ਗਿਆ ਹੈ। ਰਾਹਤ ਕਰਮਚਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਕੁਨਮਿੰਗ ਸ਼ਹਿਰ ਤੋਂ ਗੁਆਨਝੋ ਜਾ ਰਿਹਾ 'ਚਾਈਨਾ ਈਸਟਰਨ ਏਅਰਲਾਈਨਜ਼' ਦਾ ਜਹਾਜ਼ ਬੋਇੰਗ 737 ਵੁਝੋਉ ਸ਼ਹਿਰ ਦੇ ਇਕ ਪਰਬਤੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਚਾਈਨਾ ਈਸਟਰਨ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਦਾ ਇਕ ਬਲੈਕ ਬਾਕਸ ਮਿਲ ਗਿਆ ਹੈ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਉਹ ਇਹ ਪਤਾ ਲਗਾਉਣ ਵਿਚ ਸਮਰਥ ਨਹੀਂ ਹਨ ਕਿ ਇਹ 'ਫਲਾਈਟ ਡਾਟਾ ਰਿਕਾਰਡਰ' ਹੈ ਜਾਂ 'ਕਾਕਪਿਟ ਵਾਇਸ ਰਿਕਾਰਡਰ'।

'ਚਾਈਨਾ ਈਸਟਰਨ ਏਅਰਲਾਈਨਜ਼ ਦੇ ਯੂਨਾਨ ਬ੍ਰਾਂਚ' ਦੇ ਚੇਅਰਮੈਨ ਸੁਨ ਸ਼ਿਯਿੰਗ ਨੇ ਮੰਗਲਵਾਰ ਦੀ ਰਾਤ ਪੱਤਰਕਾਰ ਸੰਮੇਲਨ ਵਿਚ ਦੱਸਿਆ ਸੀ ਕਿ ਹਾਦਸਾਗ੍ਰਸਤ ਹੋਏ ਜਹਾਜ਼ ਵਿਚ ਸਵਾਰ 132 ਲੋਕਾਂ (123 ਯਾਤਰੀਆਂ, ਚਾਲਕ ਦਲ ਦੇ 9 ਮੈਂਬਰ) ਵਿਚੋਂ ਕੋਈ ਅਜੇ ਤੱਕ ਜਿੰਦਾ ਨਹੀਂ ਮਿਲਿਆ ਹੈ। ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਝੂ ਤਾਓ ਨੇ ਕਿਹਾ ਸੀ ਕਿ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਫਿਲਹਾਲ ਜਾਂਚ ਟੀਮ ਪੂਰੀ ਪ੍ਰਕਿਰਿਆ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਲੈਕਬਾਕਸ ਦੀ ਭਾਲ 'ਚ ਰਾਹਤ ਅਤੇ ਬਚਾਅ ਕਰਮਚਾਰੀ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਕਿਹਾ ਸੀ ਕਿ ਟੀਮ ਹੋਰ ਪਹਿਲੂਆਂ ਤੋਂ ਜਿਵੇਂ ਜਹਾਜ਼, ਮੁਰੰਮਤ, ਹਵਾਈ ਆਵਾਜਾਈ ਨਿਯੰਤਰਣ, ਜਹਾਜ਼ ਦੇ ਡਿਜ਼ਾਈਨ ਅਤੇ ਨਿਰਮਾਣ ਆਦਿ ਦੀ ਵੀ ਡੂੰਘਾਈ ਨਾਲ ਜਾਂਚ ਕਰੇਗੀ।


author

cherry

Content Editor

Related News