ਅਮਰੀਕਾ : 'ਪਾਈਨਐਪਲ ਐਕਸਪ੍ਰੈਸ' ਤੂਫਾਨ ਕਾਰਨ ਅਲਰਟ, ਇਕ ਜ਼ਖਮੀ
Thursday, Feb 14, 2019 - 01:36 PM (IST)
ਕੈਲੀਫੋਰਨੀਆ (ਏਜੰਸੀ)— ਅਮਰੀਕਾ 'ਚ 'ਪਾਈਨਐਪਲ ਐਕਸਪ੍ਰੈਸ' ਤੂਫਾਨ ਕਾਰਨ ਤੇਜ਼ ਮੀਂਹ, ਬਰਫਬਾਰੀ ਅਤੇ ਤੇਜ਼ ਹਵਾਵਾਂ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਬੁੱਧਵਾਰ ਨੂੰ ਮੌਸਮ ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਆਮ ਤੂਫਾਨ ਨਹੀਂ ਹੈ, ਇਸ ਰੁੱਤ 'ਚ ਇਹ ਮੌਸਮ ਪ੍ਰਣਾਲੀ ਦਾ ਸਭ ਤੋਂ ਤਾਕਤਵਰ ਤੂਫਾਨ ਹੈ। ਇਸ ਤੂਫਾਨ ਨਾਲ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ ਕਿਉਂਕਿ ਤੇਜ਼ ਮੀਂਹ ਅਤੇ ਹਰ ਥਾਂ ਬਰਫ ਜੰਮੀ ਹੋਣ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਵਧੇਰੇ ਹੈ। ਇਸੇ ਲਈ ਖਤਰੇ ਵਾਲੇ ਇਲਾਕੇ 'ਚ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਹੁਕਮ ਦੇ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਇੱਥੇ 20 ਸੈਂਟੀ ਮੀਟਰ ਤਕ ਬਾਰਿਸ਼ ਹੋਈ ਅਤੇ ਸੜਕਾਂ 'ਤੇ 2.44 ਮੀਟਰ ਤਕ ਬਰਫ ਇਕੱਠੀ ਹੋ ਗਈ। ਸੈਨ ਫਰਾਂਸਿਸਕੋ ਖਾੜੀ ਇਲਾਕੇ 'ਚ ਤਾਂ ਹੜ੍ਹ ਦੀ ਸਥਿਤੀ ਬਣ ਗਈ। ਇੱਥੇ ਕਾਰਾਂ ਮੀਂਹ ਦੇ ਪਾਣੀ 'ਚ ਫਸ ਗਈਆਂ ਅਤੇ ਤੈਰਦੀਆਂ ਹੋਈਆਂ ਨਜ਼ਰ ਆਈਆਂ। ਇੱਥੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਦਰਖਤ ਡਿੱਗ ਗਏ ਅਤੇ ਆਵਾਜਾਈ ਪ੍ਰਭਾਵਿਤ ਹੋਈ। ਇਕ ਔਰਤ ਦੀ ਗੱਡੀ 'ਤੇ ਦਰੱਖਤ ਡਿੱਗ ਜਾਣ ਕਾਰਨ ਉਹ ਜ਼ਖਮੀ ਹੋ ਗਈ। ਕਈ ਥਾਵਾਂ 'ਤੇ ਬਿਜਲੀ ਵੀ ਗੁੱਲ ਰਹੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਮੌਸਮ ਵਧੇਰੇ ਖਰਾਬ ਰਹਿਣ ਦਾ ਖਦਸ਼ਾ ਹੈ, ਇਸ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਹਵਾਈ 'ਚ ਪਹਿਲਾਂ ਹੀ ਬਰਫਬਾਰੀ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛੀ ਹੋਈ ਹੈ ਅਤੇ ਕੈਲੀਫੋਰਨੀਆ 'ਚ ਵੀ ਅਜਿਹਾ ਹੋਣ ਦਾ ਖਦਸ਼ਾ ਹੈ।
ਕੈਲੀਫੋਰਨੀਆ 'ਚ ਜ਼ਮੀਨ ਖਿਸਕਣ ਦਾ ਖਦਸ਼ਾ—
ਕੈਲੀਫੋਰਨੀਆ 'ਚ ਜ਼ਮੀਨ ਖਿਸਕਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਜ਼ਮੀਨ ਖਿਸਕਣ ਦਾ ਖਦਸ਼ਾ ਇਸ ਲਈ ਵਧੇਰੇ ਹੈ ਕਿਉਂਕਿ ਇੱਥੋਂ ਦੇ ਜੰਗਲਾਂ 'ਚ ਹਾਲ ਹੀ 'ਚ ਅੱਗ ਲੱਗੀ ਸੀ । ਫਿਲਹਾਲ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਕੀ ਹੁੰਦਾ ਹੈ 'ਪਾਈਨਐਪਲ ਐਕਸਪ੍ਰੈਸ ਤੂਫਾਨ'—
ਮਾਹਿਰਾਂ ਨੇ ਦੱਸਿਆ ਕਿ ਇਕ ਵਾਯੂਮੰਡਲ ਨਦੀ ਸਮੁੰਦਰ ਦੀ ਸਤ੍ਹਾ ਤੋਂ ਭਾਫ ਰਾਹੀਂ ਨਮੀ ਇਕੱਠੀ ਕਰਦੀ ਹੈ। ਫਿਰ ਨਮੀ ਨੂੰ ਵਾਯੂਮੰਡਲ ਨਦੀ 'ਚ ਵੈਸਟ ਕੋਸਟ 'ਚ ਲੈ ਜਾਇਆ ਜਾਂਦਾ ਹੈ। ਇਸ ਤੂਫਾਨ ਦਾ ਨਾਂ 1960 'ਚ ਮਾਹਿਰਾਂ ਨੇ ਪਾਈਨਐਪਲ ਐਕਸਪ੍ਰੈਸ ਰੱਖਿਆ ਸੀ।
