ਫਲਾਈਟ 'ਚ ਪਾਇਲਟ ਨੂੰ ਸੁੱਤਾ ਦੇਖ ਲੋਕਾਂ ਦੀ ਵਧੀ ਚਿੰਤਾ
Monday, Sep 10, 2018 - 03:44 PM (IST)

ਨਿਊਜਰਸੀ(ਏਜੰਸੀ)— ਗਲਾਸਗੋ ਤੋਂ ਨਿਊਜਰਸੀ ਜਾਣ ਵਾਲੀ ਯੁਨਾਈਟਡ ਏਅਰਲਾਈਨਜ਼ ਦੀ ਇਕ ਫਲਾਈਟ ਦੇ ਯਾਤਰੀ ਇਹ ਦੇਖ ਕੇ ਡਰ ਗਏ ਕਿ ਜਹਾਜ਼ ਦਾ ਕੈਪਟਨ ਭਾਵ ਪਾਇਲਟ ਸੌਂ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਇਸ ਦੌਰਾਨ 3 ਕਰੂ ਮੈਂਬਰਾਂ ਨੇ ਸਥਿਤੀ ਨੂੰ ਸੰਭਾਲ ਕੇ ਰੱਖਿਆ ਪਰ ਫਿਰ ਵੀ ਜਹਾਜ਼ ਨੂੰ ਸੁਰੱਖਿਅਤ ਲੈ ਜਾਣ ਦੀ ਡਿਊਟੀ ਪਾਇਲਟ ਦੀ ਹੁੰਦੀ ਹੈ, ਜਿਸ ਨੂੰ ਉਸ ਨੇ ਚੰਗਾ ਤਰ੍ਹਾਂ ਨਹੀਂ ਨਿਭਾਇਆ। ਪਾਇਲਟ ਫਸਟ ਕਲਾਸ 'ਚ ਗਿਆ ਅਤੇ ਕੱਪੜੇ ਬਦਲ ਕੇ ਸੌਂ ਗਿਆ। 7 ਘੰਟੇ ਦੇ ਸਫਰ 'ਚੋਂ ਪਾਇਲਟ ਨੇ ਇਕ ਘੰਟਾ ਸੌਂ ਕੇ ਬਤੀਤ ਕੀਤਾ।
ਪਾਇਲਟ ਦੇ ਇਸ ਵਿਵਹਾਰ ਨਾਲ ਕੁੱਝ ਯਾਤਰੀ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਡਰ ਗਏ। ਲਿਬਰਟੀ ਕੌਮਾਂਤਰੀ ਏਅਰਪੋਰਟ ਤੋਂ ਇਸ ਜਹਾਜ਼ ਨੇ 7.40 'ਤੇ 22 ਅਗਸਤ ਨੂੰ ਉਡਾਣ ਭਰੀ ਸੀ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਵਾਪਰੀ ਅਤੇ ਫਲਾਈਟ ਦੇ ਕਾਕਪਿਟ 'ਚ 3 ਪੁਰਸ਼ ਕਰੂ ਮੈਂਬਰ ਸਨ, ਜਿਨ੍ਹਾਂ ਨੇ ਜਹਾਜ਼ ਨੂੰ ਕੰਟਰੋਲ 'ਚ ਰੱਖਿਆ।
ਇਕ ਰਿਟਾਇਰਡ ਪੁਲਸ ਅਧਿਕਾਰੀ ਨੇ ਫਲਾਈਟ 'ਚ ਸੌਂ ਰਹੇ ਕੈਪਟਨ ਦੀ ਤਸਵੀਰ ਲਈ ਅਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਕ ਪਾਇਲਟ ਇਕ ਘੰਟੇ ਤਕ ਸੁੱਤਾ ਤੇ ਫਿਰ ਉਸ ਦੇ ਆਉਣ ਮਗਰੋਂ ਦੂਜਾ ਪਾਇਲਟ ਸੌਣ ਲਈ ਚਲਾ ਗਿਆ। ਕੁੱਝ ਯਾਤਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਪਾਇਲਟ ਵਧੇਰੇ ਕੰਮ ਕਾਰਨ ਥੱਕੇ ਹੋਣ। ਉਨ੍ਹਾਂ ਕਿਹਾ ਕਿ ਪਾਇਲਟ ਜੇਕਰ ਸੌਣਾ ਚਾਹੁਣ ਤਾਂ ਉਨ੍ਹਾਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਸੌਣਾ ਚਾਹੀਦਾ ਹੈ। ਏਅਰਲਾਈਨਜ਼ ਨੇ ਵੀ ਇਸ 'ਤੇ ਸਪੱਸ਼ਟੀਕਰਣ ਜਾਰੀ ਕਰਦੇ ਹੋਇਆ ਕਿਹਾ ਕਿ ਅਜਿਹਾ ਕਰਨਾ ਨਿਯਮਾਂ ਦੇ ਦਾਅਰੇ 'ਚ ਹੈ। ਲੰਬੀ ਦੂਰੀ ਦੀ ਫਲਾਈਟ 'ਚ ਆਰਾਮ ਕਰਨ ਲਈ ਪਾਇਲਟ ਨੂੰ ਵੀ ਕੁੱਝ ਸਮਾਂ ਦਿੱਤਾ ਜਾਂਦਾ ਹੈ।