ਓਂਟਾਰੀਓ 'ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਮੌਤ

07/13/2018 3:36:54 PM

ਓਂਟਾਰੀਓ,(ਏਜੰਸੀਆਂ)— ਵੀਰਵਾਰ ਸ਼ਾਮ ਨੂੰ ਉੱਤਰੀ ਟੋਰਾਂਟੋ ਦੇ ਹਵਾਈ ਅੱਡੇ ਦੇ ਨੇੜੇ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਯਾਰਕ ਰੀਜਨਲ ਪੁਲਸ ਨੇ ਦੱਸਿਆ ਕਿ ਸ਼ਾਮ 8 ਵਜੇ ਇਕ ਛੋਟਾ ਜਹਾਜ਼ ਮਾਰਖਮ 'ਚ 'ਟੋਰਾਂਟੋ/ਬੁਟੋਨਵਿਲੇ ਮਿਊਂਸੀਪਲ ਹਵਾਈ ਅੱਡੇ' ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਨੇ ਥੋੜ੍ਹੀ ਦੇਰ ਪਹਿਲਾਂ ਹੀ ਉਡਾਣ ਭਰੀ ਸੀ ਕਿ ਕਿਸੇ ਕਾਰਨ ਇਹ ਹਾਦਸਾ ਵਾਪਰ ਗਿਆ। ਅਜੇ ਤਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਪਤਾ ਨਹੀਂ ਲੱਗਾ। 
ਇੰਸਪੈਕਟਰ ਲੈਸਲੀ ਵੈਲਰ ਨੇ ਦੱਸਿਆ ਕਿ ਇਹ ਜਹਾਜ਼ ਇਕ ਖੁੱਲ੍ਹੇ ਇਲਾਕੇ 'ਚ ਡਿੱਗਿਆ ਪਰ ਜੇਕਰ ਇਹ ਕਿਸੇ ਇਮਾਰਤ ਜਾਂ ਸੜਕ 'ਤੇ ਡਿੱਗਦਾ ਤਾਂ ਨੁਕਸਾਨ ਵਧੇਰੇ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪਾਇਲਟ ਦਾ ਨਾਂ ਅਤੇ ਉਸ ਦੀ ਉਮਰ ਬਾਰੇ ਕੁੱਝ ਨਹੀਂ ਦੱਸਿਆ ਗਿਆ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚ ਕਰਨ ਲਈ ਆਪਣੀ ਟੀਮ ਭੇਜੀ ਹੋਈ ਹੈ ਅਤੇ ਉਹ ਜਾਂਚ ਕਰ ਰਹੇ ਹਨ।


Related News