ਸਮੁੰਦਰ ਕੰਢੇ ਮਰੀਆਂ ਹੋਈਆਂ ਮੱਛੀਆਂ ਦੇ ਲੱਗੇ ਅੰਬਾਰ, ਪ੍ਰੇਸ਼ਾਨ ਕਰਨ ਵਾਲਾ ਮੰਜ਼ਰ ਆਇਆ ਸਾਹਮਣੇ

Wednesday, Jun 14, 2023 - 09:07 AM (IST)

ਜਲੰਧਰ (ਇੰਟ.)– ਅਮਰੀਕਾ ਦੇ ਟੈਕਸਾਸ ਦੇ ਸਮੁੰਦਰ ਕੰਢੇ ਦੀਆਂ ਕੁਝ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਥੇ ਹਜ਼ਾਰਾਂ ਮਰੀਆਂ ਹੋਈਆਂ ਮੱਛੀਆਂ ਸਮੁੰਦਰ ਦੇ ਕੰਢੇ ਪਾਣੀ ਦੀ ਸਤ੍ਹਾ ’ਤੇ ਪਈਆਂ ਹੋਈਆਂ ਹਨ। ਨਿਊਯਾਰਕ ਪੋਸਟ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬ੍ਰੇਜੋਰੀਆ ਕਾਊਂਟੀ ਵਿਚ ਕਵਿੰਟਾਨਾ ਬੀਚ ਕਾਊਂਟੀ ਪਾਰਕ ਦੇ ਤੱਟ ਤੋਂ ਕੁਝ ਮੀਲ ਦੀ ਦੂਰੀ ’ਤੇ ਬ੍ਰੇਜੋਸ ਨਦੀ ਨੇੜੇ ਬ੍ਰਾਇਨ ਬੀਚ ’ਤੇ ਮਰੀਆਂ ਹੋਈਆਂ ਮੇਨਹੇਡੇਨ ਮੱਛੀਆਂ ਦਾ ਝੁੰਡ ਪਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ: ਜਾਪਾਨ ’ਚ ਹੱਸਣਾ ਭੁੱਲੇ ਲੋਕ, ਕੰਪਨੀਆਂ ਦੇ ਰਹੀਆਂ ਟ੍ਰੇਨਿੰਗ, ਸੰਘਰਸ਼ਮਈ ਬਣੀ ਜ਼ਿੰਦਗੀ

ਆਕਸੀਜਨ ਦੀ ਕਮੀ ਕਾਰਨ ਮਰੀਆਂ ਮੱਛੀਆਂ

ਟੈਕਸਾਸ ਪਾਰਕਸ ਐਂਡ ਵਾਈਲਡਲਾਈਫ ਕਿਲਸ ਐਂਡ ਸਪਿਲਸ ਟੀਮ ਅਤੇ ਪਾਰਕ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਵੱਡੇ ਪੈਮਾਨੇ ’ਤੇ ਮੱਛੀਆਂ ਦੀ ਮੌਤ ਪਾਣੀ ਵਿਚ ਘੱਟ ਆਕਸੀਜਨ ਕਾਰਨ ਹੋਈ ਹੈ। ਪਾਰਕ ਦੇ ਅਧਿਕਾਰੀਆਂ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਜਦੋਂ ਪਾਣੀ ਦਾ ਤਾਪਮਾਨ 70 ਡਿਗਰੀ ਫਾਰੇਨਹਾਈਟ ਤੋਂ ਉਪਰ ਹੋ ਜਾਂਦਾ ਹੈ ਤਾਂ ਮੇਨਹੇਡੇਨ ਮੱਛੀਆਂ ਲਈ ਜ਼ਿੰਦਾ ਰਹਿਣ ਲਈ ਲੋੜੀਂਦੀ ਆਕਸੀਜਨ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ: ਆਟੋ ਰਿਕਸ਼ਾ 'ਤੇ ਜਾ ਰਹੇ ਯਾਤਰੀਆਂ ਨੂੰ ਕਾਲ ਨੇ ਪਾਇਆ ਘੇਰਾ, 3 ਬੱਚਿਆਂ ਸਣੇ 6 ਲੋਕਾਂ ਦੀ ਦਰਦਨਾਕ ਮੌਤ

ਗਰਮ ਪਾਣੀ ਨਾਲ ਹੁੰਦੀਆਂ ਹਨ ਬੀਮਾਰ

ਅਧਿਕਾਰੀਆਂ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਘੱਟ ਪਾਣੀ ਡੂੰਘੇ ਦੀ ਤੁਲਨਾ ਵਿਚ ਵਧ ਤੇਜ਼ੀ ਨਾਲ ਗਰਮ ਹੁੰਦਾ ਹੈ, ਇਸ ਲਈ ਜੇਕਰ ਮੇਨਹੇਡੇਨ ਘੱਟ ਪਾਣੀ ਵਿਚ ਫੱਸ ਜਾਂਦੀਆਂ ਹਨ ਤਾਂ ਮੱਛੀਆਂ ਹਾਈਪੋਕਸੀਆ ਤੋਂ ਪੀੜਤ ਹੋਣ ਲੱਗਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਕਸਰ ਇਸ ਤਰ੍ਹਾਂ ਦੀ ਘਟਨਾ ਹੋਣ ਨਾਲ ਪਹਿਲਾਂ ਮੱਛੀਆਂ ਨੂੰ ਸਵੇਰੇ-ਸਵੇਰੇ ਪਾਣੀ ਦੀ ਸਤ੍ਹਾ ’ਤੇ ਆਕਸੀਜਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ; OMG: ਪਤਨੀ ਹੀ ਬਣੀ ਪਤੀ ਦੀ ਜਾਨ ਦੀ ਦੁਸ਼ਮਣ, ਸੈਲਫੀ ਦੇ ਬਹਾਨੇ ਪਤੀ ਨੂੰ ਦਰਖ਼ਤ ਨਾਲ ਬੰਨ੍ਹ ਕੇ ਲਾ ਦਿੱਤੀ ਅੱਗ

ਮਸ਼ੀਨਾਂ ਨਾਲ ਹਟਾਉਣੇ ਪਏ ਅਵਸ਼ੇਸ਼

ਅਧਿਕਾਰੀਆਂ ਨੇ ਕਿਹਾ ਕਿ ਕੁਝ ਮੱਛੀਆਂ ਤਲ ’ਤੇ ਜਾਂ ਪਾਣੀ ਦੇ ਕੰਢੇ ’ਤੇ ਵੀ ਹੋ ਸਕਦੀਆਂ ਹਨ। ਪਾਰਕ ਦੇ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਸਮੁੰਦਰ ਤੱਟ ’ਤੇ ਜ਼ਿਆਦਾ ਮਰੀਆਂ ਹੋਈਆਂ ਮੱਛੀਆਂ ਰੁੜ੍ਹੀਆਂ। ਇਨ੍ਹਾਂ ਵਿਚੋਂ ਕੁਝ ਕੱਟੇ ਹੋਏ ਕੰਕਾਲ ਕਾਰਨ ਸਥਿਤੀ ਵਿਗੜ ਗਈ ਸੀ। ਪਾਰਕ ਦੇ ਕਰਮਚਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਸਮੁੰਦਰ ਤੱਟ ’ਤੇ ਮਸ਼ੀਨਾਂ ਨਾਲ ਸੜੇ ਹੋਏ ਅਵਸ਼ੇਸ਼ਾਂ ਨੂੰ ਹਟਾ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਮਰੀਆਂ ਹੋਈਆਂ ਮੱਛੀਆਂ ਆਉਣ ਵਾਲੇ ਦਿਨਾਂ ਵਿਚ ਸੁਭਾਵਿਕ ਤੌਰ ’ਤੇ ਰੇਤਾ ਅਤੇ ਸਮੁੰਦਰ ਵਿਚ ਦੱਬ ਜਾਣਗੀਆਂ। ਕਵਿੰਟਾਨਾ ਬੀਚ ਕਾਊਂਟੀ ਪਾਰਕ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਆਮ ਲੋਕ ਸਥਾਨਕ ਤੱਟਾਂ ਤੋਂ ਉਦੋਂ ਤੱਕ ਦੂਰ ਰਹਿਣ ਜਦੋਂ ਤੱਕ ਕਿ ਮੱਛੀਆਂ ਨੂੰ ਹਟਾ ਨਾ ਲਿਆ ਜਾਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News