ਟਰੂਡੋ ਤੇ ਇੰਗਲੈਂਡ ਦੀ ਮਹਾਰਾਣੀ ਦੀਆਂ ਇਹ ਤਸਵੀਰਾਂ ਨੇ ਕੁੱਝ ਖਾਸ, ਬਣੀਆਂ ਚਰਚਾ ਦਾ ਵਿਸ਼ਾ
Friday, Jul 07, 2017 - 01:51 PM (IST)
ਲੰਡਨ, (ਰਾਜਵੀਰ ਸਮਰਾ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ-2 ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬੁੱਧਵਾਰ ਨੂੰ ਸਕਾਟਲੈਂਡ ਪੁੱਜੇ ਟਰੂਡੋ ਨੇ ਮਹਾਰਾਣੀ ਐਲਿਜ਼ਾਬੈੱਥ-2 ਨਾਲ ਹਾਰਲੋਰੂਡ ਹਾਊਸ ਵਿਚ ਖਾਸ ਮੁਲਾਕਾਤ ਕੀਤੀ । ਟਰੂਡੋ ਦੀ ਇਕ ਤਸਵੀਰ ਬਹੁਤ ਸੁਰਖੀਆਂ ਬਟੋਰ ਰਹੀ ਹੈ, ਜਿਸ 'ਚ ਉਹ ਮਹਾਰਾਣੀ ਅੱਗੇ ਸਿਰ ਝੁਕਾ ਕੇ ਖੜ੍ਹੇ ਨੇ।

ਇਸ ਤੋਂ ਇਲਾਵਾ ਇਕ ਹੋਰ ਤਸਵੀਰ ਜਿਸ 'ਚ ਟਰੂਡੋ ਬਹੁਤ ਸਤਿਕਾਰ ਨਾਲ ਮਹਾਰਾਣੀ ਦਾ ਹੱਥ ਫੜ੍ਹ ਕੇ ਖੜ੍ਹੇ ਦਿਖਾਈ ਦਿੰਦੇ ਹਨ, ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਦੇ ਦਿਲ 'ਚ ਮਹਾਰਾਣੀ ਪ੍ਰਤੀ ਸਨਮਾਨ ਝਲਕ ਰਿਹਾ ਹੈ। ਜ਼ਿਕਰਯੋਗ ਹੈ ਕਿ 2015 'ਚ ਵੀ ਜਦ ਟਰੂਡੋ ਮਹਾਰਾਣੀ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਮਹਾਰਾਣੀ ਅੱਗੇ ਸਿਰ ਝੁਕਾਉਂਦੇ ਹੋਏ ਉਨ੍ਹਾਂ ਨਾਲ ਹੱਥ ਮਿਲਾਇਆ ਸੀ। ਉਸ ਸਮੇਂ ਵੀ ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਰਹੀ ਸੀ।

ਟਰੂਡੋ ਆਪਣੇ ਬੇਟੇ ਤੇ ਪਤਨੀ ਨਾਲ 6 ਦਿਨਾਂ ਯੂਰਪੀਅਨ ਦੇਸ਼ਾਂ ਦੇ ਦੌਰੇ 'ਤੇ ਗਏ ਹਨ। ਟਰੂਡੋ ਸਕਾਟਲੈਂਡ ਤੋਂ ਬਾਅਦ ਜਰਮਨੀ ਗਏ, ਜਿੱਥੇ ਉਹ 7 ਅਤੇ 8 ਜੁਲਾਈ ਨੂੰ ਜਰਮਨੀ ਦੇ ਹੈਮਬਰਗ 'ਚ ਹੋਣ ਵਾਲੇ 'ਜੀ-20 ਸਿਖਰ ਸੰਮੇਲਨ' ਵਿਚ ਹਿੱਸਾ ਲੈ ਰਹੇ ਹਨ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਮਹਾਰਾਣੀ ਨਾਲ ਦੇਸ਼ ਭਰ ਵਿੱਚ 1 ਜੁਲਾਈ ਨੂੰ ਮਨਾਈ ਗਈ 'ਕੈਨੇਡਾ ਡੇਅ' ਦੀ 150ਵੀਂ ਵਰ੍ਹੇਗੰਢ ਬਾਰੇ ਵੀ ਗੱਲਬਾਤ ਕੀਤੀ । ਮਹਾਰਾਣੀ ਨਾਲ ਗੱਲਬਾਤ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਇੰਗਲੈਂਡ ਦਾ ਦੌਰਾ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਨੂੰ ਹੋਰ ਵੀ ਮਜ਼ਬੂਤ ਕਰੇਗਾ। ਮਹਾਰਾਣੀ ਨਾਲ ਮੁਲਾਕਾਤ ਮੌਕੇ ਈਡਨਬਰਗ ਯੂਨੀਵਰਸਿਟੀ ਤੋਂ ਜਸਟਿਸ ਟਰੂਡੋ ਨੂੰ ਮਿਲੀ ਡਾਕਟਰੇਟ ਦੀ ਡਿਗਰੀ ਬਾਰੇ ਵੀ ਗੱਲ ਕੀਤੀ ਗਈ।
