ਬਚ ਕੇ ਮੋੜ ਤੋਂ..... ਸਕਾਟਲੈਂਡ ''ਚ ਜੇਬ ਕਤਰਿਆਂ ਦੇ ਮਾਮਲੇ ''ਚ ਇਹ ਸ਼ਹਿਰ ਚੋਟੀ ''ਤੇ
Wednesday, Jul 30, 2025 - 06:07 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਜੇਕਰ ਬੁਰਾਈ ਦਾ ਬੀਜ ਨਾਸ਼ ਹੋ ਜਾਵੇ ਤਾਂ ਚੰਗਿਆਈ ਦੀ ਬੁੱਕਤ ਨਹੀਂ ਰਹਿਣੀ। ਸੋਹਣੇ ਤੋਂ ਸੋਹਣੇ ਪ੍ਰਬੰਧ, ਸੋਹਣੇ ਤੋਂ ਸੋਹਣੇ ਮਾਹੌਲ ਵਿੱਚ ਵੀ ਬੁਰੇ ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਖ਼ੂਬਸੂਰਤੀ ਪੱਖੋਂ ਸਕਾਟਲੈਂਡ ਨੂੰ ਸਵਰਗ ਵਰਗਾ ਮੰਨਿਆ ਜਾਂਦਾ ਹੈ ਪਰ ਯਾਤਰੀ ਵਜੋਂ ਆਏ ਹੋ? ਤਾਂ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਆ ਕੇ ਚੁਕੰਨੇ ਜ਼ਰੂਰ ਰਹਿਣਾ, ਤਾਂ ਕਿ ਕੋਈ ਜੇਬਕਤਰਾ ਤੁਹਾਡੀ ਜੇਬ ਕੱਟ ਕੇ ਨਾ ਲੈ ਜਾਵੇ।
ਰਾਈਪ ਵੈਲਿਊਏਬਲ ਇੰਸ਼ੋਰੈਂਸ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜੇਬ ਕਤਰਿਆਂ ਦੇ ਮਾਮਲੇ ਬਰਤਾਨੀਆ ਵਿੱਚ ਲੰਡਨ ਤੋਂ ਬਾਅਦ ਐਡਿਨਬਰਾ ਚੋਟੀ 'ਤੇ ਹੈ। ਗਰਮਾਹਟ ਭਰੇ ਦਿਨਾਂ 'ਚ ਸੀਮਤ ਕੱਪੜਿਆਂ 'ਚ ਬਟੂਆ ਜਾਂ ਮਾਇਆ ਨਜ਼ਰੀਂ ਪੈਂਦੀ ਹੋਣ ਕਰਕੇ ਜੇਬਕਤਰੇ ਸੌਖਿਆਂ ਹੀ ਜਾਣ ਜਾਂਦੇ ਹਨ ਕਿ ਨਿਸ਼ਾਨਾ ਕਿੱਥੇ ਲਾਉਣਾ ਹੈ? ਐਡਿਨਬਰਾ ਸਥਿਤ "ਰਾਇਲ ਮਾਈਲ" ਪਹਿਲੀ ਹੌਟਸਪੌਟ ਮੰਨੀ ਜਾਂਦੀ ਹੈ, ਜਿੱਥੇ ਲੋਕਾਂ ਦਾ ਹਰ ਵੇਲੇ ਮੋਢੇ ਨਾਲ ਮੋਢਾ ਖਹਿੰਦਾ ਰਹਿੰਦਾ ਹੈ। ਇਹੀ ਭੀੜ ਭੜੱਕਾ ਜੇਬ ਕਤਰਿਆਂ ਲਈ ਵਧੀਆ ਮੌਕਾ ਬਣਦਾ ਹੈ। ਐਡਿਨਬਰਾ ਦੀਆਂ ਗਲੀਆਂ ਦੇ ਇੱਕ ਸਮੂਹ ਨੂੰ ਰਾਇਲ ਮਾਈਲ ਦਾ ਨਾਮ ਦਿੱਤਾ ਗਿਆ ਹੈ ਜਿੱਥੇ ਸੈਂਕੜੇ ਸਾਲਾਂ ਤੋਂ ਘੁਮੱਕੜ ਲੋਕ ਆਉਂਦੇ ਜਾਂਦੇ ਰਹਿੰਦੇ ਹਨ। 70 ਦੇ ਲਗਭਗ ਦੁਕਾਨਾਂ ਹੋਣ ਕਰਕੇ ਇਸ ਜਗ੍ਹਾ 'ਤੇ ਭੀੜ ਰਹਿੰਦੀ ਹੋਣ ਕਰਕੇ ਜੇਬਕਤਰਿਆਂ ਦੀ ਚਾਂਦੀ ਬਣ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ, ਹਵਾਈ ਅਤੇ ਜਾਪਾਨ 'ਚ ਸੁਨਾਮੀ ਚੇਤਾਵਨੀ ਸਬੰਧੀ ਅਪਡੇਟ ਜਾਰੀ
ਇਸ ਤੋਂ ਇਲਾਵਾ ਗਲਾਸਗੋ ਵੀ ਇਸੇ ਲਿਸਟ 'ਚ ਪੰਜਵੇਂ ਸਥਾਨ 'ਤੇ ਹੈ, ਜਿਸਦੀ ਬੁਕੈਨਨ ਸਟਰੀਟ 'ਤੇ ਸਭ ਤੋਂ ਵੱਧ ਜੇਬਾਂ ਕੱਟੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਸਕਾਟਲੈਂਡ ਦੇ ਇਸ ਪ੍ਰਸਿੱਧ ਸ਼ਹਿਰ ਦੀ ਬੁਕੈਨਨ ਸਟਰੀਟ 'ਤੇ ਨਾਮਵਰ ਸਟੋਰ ਹੋਣ ਕਰਕੇ ਬੇਹੱਦ ਭੀੜ ਹਰ ਵੇਲੇ ਹੀ ਰਹਿੰਦੀ ਹੈ। ਲੰਡਨ ਤੋਂ ਬਾਅਦ ਐਡਿਨਬਰਾ ਤੇ ਐਡਿਨਬਰਾ ਤੋਂ ਬਾਅਦ ਮਾਨਚੈਸਟਰ ਦੀ ਮਾਰਕੀਟ ਸਟਰੀਟ ਤੇ ਬਰਾਈਟਨ ਦੀਆਂ ਦੋ ਥਾਂਵਾਂ 'ਦ ਲੇਨਜ਼' ਤੇ ਬਰਾਈਟਨ ਪੈਲੇਸ ਪੀਅਰ ਤੋਂ ਬਾਅਦ ਗਲਾਸਗੋ ਦਾ ਨਾਂ ਆਉਂਦਾ ਹੈ। ਰਾਈਪ ਵੈਲਿਊਏਬਲ ਇੰਸ਼ੋਰੈਂਸ ਦੇ ਸੀ.ਈ.ਓ ਐਲਨ ਥੌਮਸ ਦਾ ਕਹਿਣਾ ਹੈ ਕਿ ਅਸੀਂ ਇਹ ਸਰਵੇਖਣ ਯਾਤਰੀਆਂ ਦੀ ਸੁਰੱਖਿਆ ਲਈ ਕਰਵਾਇਆ ਸੀ ਤਾਂ ਕਿ ਯੂ.ਕੇ ਦੀ ਖ਼ੂਬਸੂਰਤੀ ਨੂੰ ਮਾਨਣ ਵੇਲੇ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਜਾਵੇ। ਉਹਨਾਂ ਸਲਾਹ ਦਿੱਤੀ ਹੈ ਕਿ ਤੁਸੀਂ ਕਿੱਧਰੇ ਵੀ ਘੁੰਮਣ ਜਾਂਦੇ ਹੋ ਤਾਂ ਆਪਣੇ ਕੀਮਤੀ ਸਮਾਨ ਦਾ ਵਧੇਰੇ ਖਿਆਲ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।