ਵੁਲਵਰਹੈਂਪਟਨ ''ਚ ਦੋ ਸਿੱਖ ਬਜ਼ੁਰਗਾਂ ''ਤੇ ਹੋਏ ਹਮਲੇ ਦੀ ਵਿਸ਼ਵ ਭਰ ਵਿੱਚ ਹੋ ਰਹੀ ਹੈ ਨਿੰਦਿਆ

Wednesday, Aug 20, 2025 - 08:50 AM (IST)

ਵੁਲਵਰਹੈਂਪਟਨ ''ਚ ਦੋ ਸਿੱਖ ਬਜ਼ੁਰਗਾਂ ''ਤੇ ਹੋਏ ਹਮਲੇ ਦੀ ਵਿਸ਼ਵ ਭਰ ਵਿੱਚ ਹੋ ਰਹੀ ਹੈ ਨਿੰਦਿਆ

ਲੰਡਨ/ਵੁਲਵਰਹੈਂਪਟਨ (ਮਨਦੀਪ ਖੁਰਮੀ ਹਿੰਮਤਪੁਰਾ) : ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ‘ਚ 2 ਬਜ਼ੁਰਗ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਕਾਰਨ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਘਟਨਾ ਲੰਘੇ ਸ਼ੁੱਕਰਵਾਰ ਨੂੰ ਵਾਪਰੀ ਅਤੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ 2 ਬਜ਼ੁਰਗ ਸਿੱਖਾਂ ‘ਤੇ ਕੁਝ ਅੰਗਰੇਜ਼ ਨੌਜਵਾਨਾਂ ਵੱਲੋਂ ਨਸਲੀ ਟਿੱਪਣੀਆਂ ਕਰਦੇ ਹੋਏ ਹਮਲਾ ਕੀਤਾ ਗਿਆ ਸੀ। ਵੀਡੀਓ ਵਿੱਚ ਇੱਕ ਬਜ਼ੁਰਗ ਬੇਵੱਸ ਹਾਲਤ ਵਿੱਚ ਕਾਰ ਦੇ ਮੂਹਰੇ ਧਰਤੀ 'ਤੇ ਬੈਠਾ ਨਜ਼ਰ ਆਉਂਦਾ ਹੈ, ਜਦਕਿ ਦੂਸਰੇ ਬਜ਼ੁਰਗ ਦੀ ਦਸਤਾਰ ਸੜਕ 'ਤੇ ਡਿੱਗੀ ਹੋਈ ਹੈ ਅਤੇ ਨੌਜਵਾਨ ਉਸ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਨੌਜਵਾਨ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਦੋਂ ਹੀ ਉਹ ਆਪਣੇ ਪੈਰ ਦਾ ਠੁੱਡ ਬਜ਼ੁਰਗ ਦੇ ਸਿਰ 'ਚ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਹੋਰ ਵਿਅਕਤੀ ਹਮਲਾਵਰ ਨੂੰ ਪਿਛਾਂਹ ਖਿੱਚ ਲੈਂਦਾ ਹੈ।

ਇਹ ਵੀ ਪੜ੍ਹੋ : ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਰੂਸ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ

 ਕਿਹਾ ਜਾ ਰਿਹਾ ਹੈ ਕਿ ਹਮਲੇ ਪਿੱਛੋਂ ਸਥਾਨਕ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲੇ ਦੇ ਸਬੰਧ ਵਿੱਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਨਸਲੀ ਹਿੰਸਾ (Racial violence) ਦਾ ਸ਼ੱਕ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਅਨੁਸਾਰ, ਹਮਲਾ ਸ਼ੁੱਕਰਵਾਰ ਦੁਪਹਿਰ ਲਗਭਗ 1:45 ਵਜੇ ਹੋਇਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 17, 19 ਅਤੇ 25 ਸਾਲ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।

ਬੀਟੀਪੀ ਨੇ ਇਹ ਵੀ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਹਮਲੇ ਨੂੰ ਦਰਸਾਉਂਦੀ ਇੱਕ ਵੀਡੀਓ ਦੀ ਜਾਂਚ ਕਰ ਰਹੀ ਹੈ। ਇੱਕ ਪੁਲਸ ਬੁਲਾਰੇ ਨੇ ਕਿਹਾ, “ਅਸੀਂ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਵੀਡੀਓ ਤੋਂ ਜਾਣੂ ਹਾਂ ਅਤੇ ਸਮਝਦੇ ਹਾਂ ਕਿ ਇਸ ਨੇ ਭਾਈਚਾਰੇ ਵਿੱਚ ਚਿੰਤਾ ਪੈਦਾ ਕੀਤੀ ਹੈ। ਰੇਲਵੇ ਨੈੱਟਵਰਕ ‘ਤੇ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਤੇ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ।” ਜ਼ਿਕਰਯੋਗ ਹੈ ਕਿ ਉਕਤ ਵੀਡੀਓ ਕਲਿੱਪ ਵੀ ਕਿਸੇ ਬਰਤਾਨਵੀ ਔਰਤ ਵੱਲੋਂ ਹੀ ਬਣਾਇਆ ਗਿਆ ਹੈ ਅਤੇ ਉਹ ਹਮਲਾਵਰਾਂ ਨੂੰ ਵਾਰ-ਵਾਰ ਸ਼ਰਮ ਕਰੋ ਲਫਜ਼ ਕਹਿ ਕੇ ਦੱਸ ਰਹੀ ਹੈ ਕਿ ਉਸਨੇ ਉਹਨਾਂ ਦੀ ਵੀਡੀਓ ਬਣਾ ਲਈ ਹੈ। ਇਸ ਘਟਨਾ ਦੀ ਦੇਸ਼ ਵਿਦੇਸ਼ ਵਿੱਚ ਵਸਦੇ ਮਾਨਵਤਾਵਾਦੀ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News