ਪੰਜਾਬੀਆਂ ਤੇ ਸਿੱਖਾਂ ਲਈ ਮਾਣ! ਪੰਜਾਬ ਵਾਰੀਅਰਜ਼ ਸਮੂਹ ਨੇ ਮੋਰਕੈਂਬ ਫੁੱਟਬਾਲ ਕਲੱਬ ਖਰੀਦ ਕੇ ਰਚਿਆ ਇਤਿਹਾਸ
Wednesday, Aug 20, 2025 - 06:19 PM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਇੰਗਲਿਸ਼ ਫੁੱਟਬਾਲ ਅਤੇ ਵਿਸ਼ਵ-ਪੱਧਰ ‘ਤੇ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਦਰਜ ਹੋਇਆ ਹੈ। ਪੰਜਾਬ ਵਾਰੀਅਰਜ਼ ਸਮੂਹ ਨੇ ਇੰਗਲੈਂਡ ਦਾ ਪ੍ਰਸਿੱਧ ਮੋਰਕੈਂਬ ਫੁੱਟਬਾਲ ਕਲੱਬ ਖਰੀਦ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਖਰੀਦ ਨਾਲ, ਪੰਜਾਬ ਵਾਰੀਅਰਜ਼ ਇੰਗਲੈਂਡ ਵਿੱਚ ਇੱਕ ਪੇਸ਼ੇਵਰ ਫੁੱਟਬਾਲ ਕਲੱਬ ਦੇ ਮਾਲਕ ਬਣਨ ਵਾਲਾ ਪਹਿਲਾ ਸਿੱਖ ਅਤੇ ਪੰਜਾਬੀ ਅਗਵਾਈ ਵਾਲਾ ਸਮੂਹ ਬਣ ਗਿਆ ਹੈ।
ਇੰਗਲਿਸ਼ ਫੁੱਟਬਾਲ ਲੀਗ ਵੱਲੋਂ ਰਸਮੀ ਮਨਜ਼ੂਰੀ ਦੇਣ ਨਾਲ ਇਹ ਸੌਦਾ ਪੂਰਾ ਹੋਇਆ। ਪੰਜਾਬ ਵਾਰੀਅਰਜ਼ ਵੱਲੋਂ ਮੋਰਕੈਂਬ ਫੁੱਟਬਾਲ ਕਲੱਬ ਦੀ ਖਰੀਦ ਸਿਰਫ਼ ਖੇਡਾਂ ਦੀ ਦੁਨੀਆ ਵਿੱਚ ਹੀ ਨਹੀਂ, ਸਗੋਂ ਬ੍ਰਿਟੇਨ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਵਿੱਚ ਵੀ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਮੋਰਕੈਂਬ ਫੁੱਟਬਾਲ ਕਲੱਬ ਦਾ ਸਿੱਖਾਂ ਵੱਲੋਂ ਖਰੀਦਿਆ ਜਾਣਾ ਬਹੁਤ ਹੀ ਮਹੱਤਵਪੂਰਨ ਹੈ। ਇਹ ਨਾ ਕੇਵਲ ਯੂਕੇ ਵਿੱਚ ਸਿੱਖ ਪਛਾਣ ਨੂੰ ਉੱਚਾਈ ਦਿੰਦਾ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਸਿੱਖ ਭਾਈਚਾਰਾ ਬ੍ਰਿਟਿਸ਼ ਸਮਾਜ ਅਤੇ ਖੇਡਾਂ ਵਿੱਚ ਆਪਣੇ ਅਹਿਮ ਸਥਾਨ ਨੂੰ ਸਥਾਪਿਤ ਕਰ ਰਿਹਾ ਹੈ।
ਪੰਜਾਬ ਵਾਰੀਅਰਜ਼ ਨੇ ਕਿਹਾ ਹੈ ਕਿ ਇਹ ਖਰੀਦ “ਇੱਕ ਫੁੱਟਬਾਲ ਕਲੱਬ ਦੀ ਖਰੀਦ ਤੋਂ ਵੱਧ ਹੈ”। ਉਹ ਇਸ ਰਾਹੀਂ ਸਥਾਨਕ ਭਾਈਚਾਰੇ ਨਾਲ ਡੂੰਘੇ ਸਬੰਧ ਬਣਾਉਣ, ਸਿੱਖ ਅਤੇ ਪੰਜਾਬੀ ਨੌਜਵਾਨਾਂ ਲਈ ਖੇਡਾਂ ਵਿਚ ਨਵੇਂ ਮੌਕੇ ਪੈਦਾ ਕਰਨ ਅਤੇ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਟੀਚਾ ਮਿੱਥ ਰਹੇ ਹਨ।
ਇਸ ਇਤਿਹਾਸਕ ਪ੍ਰਾਪਤੀ ਨਾਲ ਹੀ ਮੋਰਕੈਂਬ ਕਲੱਬ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। 30 ਸਾਲਾ ਅਸ਼ਵੀਰ ਸਿੰਘ ਜੌਹਲ ਨੂੰ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਉਹ ਬ੍ਰਿਟਿਸ਼ ਫੁੱਟਬਾਲ ਦੇ ਪੇਸ਼ੇਵਰ ਪੱਧਰ ‘ਤੇ ਪਹਿਲੇ ਸਿੱਖ ਮੈਨੇਜਰ ਬਣ ਗਏ ਹਨ। ਜੌਹਲ ਯੂਈਫ਼ਏ ਪ੍ਰੋ ਲਾਇਸੈਂਸ ਹਾਸਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕੋਚਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਕਲੱਬ ਲਈ ਇਕ ਉਤਸ਼ਾਹਜਨਕ ਅਤੇ ਨਵੇਂ ਅਧਿਆਇ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।