ਫਿਲੀਪੀਨਸ ਨੇ 10 ਅਰਬ ਡਾਲਰ ਦੇ ਏਅਰਪੋਰਟ ਪ੍ਰਾਜੈਕਟ ਤੋਂ ਚੀਨ ਨੂੰ ਕੱਢਿਆ ਬਾਹਰ

Monday, Feb 08, 2021 - 01:25 PM (IST)

ਫਿਲੀਪੀਨਸ ਨੇ 10 ਅਰਬ ਡਾਲਰ ਦੇ ਏਅਰਪੋਰਟ ਪ੍ਰਾਜੈਕਟ ਤੋਂ ਚੀਨ ਨੂੰ ਕੱਢਿਆ ਬਾਹਰ

ਮਨੀਲਾ (ਬਿਊਰੋ): ਚੀਨ ਇਨ੍ਹੀਂ ਦਿਨੀਂ ਦੁਨੀਆ ਭਰ ’ਚ ਚਾਰੇ ਪਾਸੇ ਮੂੰਹ ਦੀ ਖਾ ਰਿਹਾ ਹੈ। ਹਰ ਦੇਸ਼ ਚੀਨ ਨੂੰ ਆਪਣੇ ਬਾਜ਼ਾਰ ਅਤੇ ਆਪਣੇ ਦੇਸੀ ਪ੍ਰਾਜੈਕਟਾਂ ’ਚੋਂ ਬੇਦਖਲ ਕਰ ਰਿਹਾ ਹੈ। ਅਜਿਹਾ ਦੋ ਕਾਰਨਾਂ ਕਰ ਕੇ ਹੋ ਰਿਹਾ ਹੈ, ਪਹਿਲਾ ਤਾਂ ਚੀਨ ਦਾ ਫੈਲਾਇਆ ਹੋਇਆ ਕਰਜ਼ ਦਾ ਮੱਕੜਜਾਲ ਇੰਨਾ ਖਤਰਨਾਕ ਹੈ ਕਿ ਕਈ ਦੇਸ਼ ਹੁਣ ਇਸ ਮਾਮਲੇ ’ਚ ਚੌਕਸ ਹੋ ਗਏ ਹਨ ਅਤੇ ਦੂਸਰਾ ਕਾਰਨ ਹੈ ਕੋਰੋਨਾ ਮਹਾਮਾਰੀ ਫੈਲਾਉਣ ਦੇ ਕਾਰਨ ਦੁਨੀਆ ਦਾ ਭਰੋਸਾ ਚੀਨ ਤੋਂ ਉੱਠ ਚੁੱਕਾ ਹੈ।

ਇਸੇ ਲੜੀ ’ਚ ਚੀਨ ਨੂੰ ਆਪਣੇ ਦੂਰ-ਦੁਰੇਡੇ ਦੇ ਗੁਆਂਢੀ ਦੇਸ਼ ਫਿਲੀਪੀਨਸ ’ਚ ਮੂੰਹ ਦੀ ਖਾਣੀ ਪਈ ਹੈ। ਇਕ ਫਿਲੀਪੀਨੀ ਅਤੇ ਚੀਨੀ ਨਿਰਮਾਣ ਕੰਪਨੀ ਨੇ ਰਲ ਕੇ ਰਾਜਧਾਨੀ ਮਨੀਲਾ ਦੇ ਦੱਖਣ ’ਚ ਇਕ ਵੱਡੇ ਕੌਮਾਂਤਰੀ ਹਵਾਈ ਅੱਡੇ ਦਾ ਠੇਕਾ ਲਿਆ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਕਾਰਨ ਚੀਨ ਨੂੰ ਇਸ ਪ੍ਰਾਜੈਕਟ ਤੋਂ ਬਾਹਰ ਕੱਢਣਾ ਸੀ। ਫਿਲੀਪੀਨਸ ਦੇ ਰਾਸ਼ਟਰਪਤੀ ਰਾਡ੍ਰਿਗੋ ਦੁਤੇਰਤੇ ਜੋ ਸਾਲ 2016 ’ਚ ਸੱਤਾ ’ਚ ਆਉਣ ਤੋਂ ਬਾਅਦ ਤੋਂ ਹੀ ਬੀਜਿੰਗ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਉਨ੍ਹਾਂ ਨੇ ਮਨੀਲਾ ਦੇ ਦੱਖਣ ’ਚ ਬਣਨ ਵਾਲੇ 10 ਅਰਬ ਡਾਲਰ ਦੇ ਹੁਣ ਤਕ ਦੇ ਸਭ ਤੋਂ ਵੱਡੇ ਅਤੇ ਵਿਸ਼ਾਲ ਏਅਰਪੋਰਟ ਪ੍ਰਾਜੈਕਟ ’ਚੋਂ ਚੀਨ ਨੂੰ ਬਾਹਰ ਦਾ ਰਸਤਾ ਦਿਖਾਇਆ। ਇਸ ਲਈ ਹੈਰਾਨੀ ਹੁੰਦੀ ਹੈ ਕਿ ਜੋ ਵਿਅਕਤੀ ਚੀਨ ਦਾ ਕਰੀਬੀ ਹੈ ਉਸ ਨੇ ਇਸ ਨੂੰ ਬਾਹਰ ਕਰ ਦਿੱਤਾ। 

ਦੋ ਸਾਲ ਪਹਿਲਾਂ 2019 ’ਚ ਚੀਨ ਦੀ ਚਾਈਨਾ ਕਮਿਊਨੀਕੇਸ਼ਨਸ ਕੰਸਟ੍ਰਕਸ਼ਨ ਕੰਪਨੀ ਅਤੇ ਫਿਲੀਪੀਨਸ ਦੀ ਮੈਕ੍ਰੋਏਸ਼ੀਆ ਕਾਰਪੋਰੇਸ਼ਨ ਨੇ ਭਾਈਵਾਲੀ ’ਚ ਕੈਵਿਟੇ ਸੂਬਾਈ ਸਰਕਾਰ ਕੋਲੋਂ ਸਾਂਗਲੇ ਏਅਰਪੋਰਟ ਦਾ ਠੇਕਾ ਲਿਆ ਸੀ।ਦਰਅਸਲ ਚੀਨ ਦੀ ਚਾਲ ਤੋਂ ਮਨੀਲਾ ਚੰਗੀ ਤਰ੍ਹਾਂ ਜਾਣੂ ਹੋ ਚੁੱਕਾ ਅਤੇ ਉਹ ਨਹੀਂ ਚਾਹੁੰਦਾ ਕਿ ਦੁਨੀਆ ਦੇ ਦੂਸਰੇ ਦੇਸ਼ਾਂ ਵਾਂਗ ਫਿਲੀਪੀਨਸ ਵੀ ਚੀਨ ਦੇ ਕਰਜ਼ ਜਾਲ ’ਚ ਫਸ ਜਾਵੇ। ਦੁਤੇਰਤੇ ਨੂੰ ਇਸ ਗੱਲ ਦਾ ਵੀ ਡਰ ਸੀ ਕਿ ਕਿਤੇ ਚੀਨ ਇਸ ਪ੍ਰਾਜੈਕਟ ਦੇ ਪੂਰਾ ਹੋਣ ਦੇ ਬਾਅਦ ਦੁਨੀਆ ਦੇ ਬਿਜ਼ੀ ਏਅਰਪੋਰਟਾਂ ’ਚੋਂ ਇਕ ਮਨੀਲਾ ਦੇ ਸਾਂਗਲੇ ਏਅਰਪੋਰਟ ’ਤੇ ਕੁੰਡਲੀ ਮਾਰ ਕੇ ਬੈਠ ਗਿਆ ਤਾਂ ਇਸ ਏਅਰਪੋਰਟ ਤੋਂ ਹੋਣ ਵਾਲੀ ਸਾਰੀ ਆਮਦਨ ਚੀਨ ਆਪਣੀ ਝੋਲੀ ’ਚ ਪਾਵੇਗਾ ਅਤੇ ਫਿਲੀਪੀਨਸ ਨੂੰ ਕੋਈ ਆਰਥਿਕ ਲਾਭ ਨਹੀਂ ਮਿਲੇਗਾ। ਇਸ ਦੇ ਇਲਾਵਾ ਕਰਜ਼ ਨਾ ਮੋੜ ਸਕਣ ਦੀ ਹਾਲਤ ’ਚ ਚੀਨ ਇਸ ਏਅਰਪੋਰਟ ਨੂੰ 99 ਸਾਲਾਂ ਲਈ ਪੱਟੇ ’ਤੇ ਲੈ ਲਵੇਗਾ, ਨਾਲ ਹੀ ਇਸ ਏਅਰਪੋਰਟ ਦੀ ਚੀਨ ਆਪਣੇ ਫੌਜੀ ਜਹਾਜ਼ਾਂ ਲਈ ਵੀ ਵਰਤੋਂ ਕਰ ਸਕਦਾ ਹੈ। ਇਸ ਲਈ ਦੁਤੇਰਤੇ ਨੇ ਇਕ ਝਟਕੇ ’ਚ ਚੀਨ ਨੂੰ ਇਸ ਪ੍ਰਾਜੈਕਟ ਤੋਂ ਬਾਹਰ ਕਰ ਦਿੱਤਾ।

12 ਫਰਵਰੀ, 2020 ਨੂੰ ਸਾਂਗਲੇ ਕੌਮਾਂਤਰੀ ਏਅਰਪੋਰਟ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਮੈਕ੍ਰੋਏਸ਼ੀਆ ਨੇ ਮਨੀਲਾ ਸਟਾਕ ਐਕਸਚੇਂਜ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਕੈਵਿਟੇ ਸੂਬੇ ਦੇ ਗਵਰਨਰ ਜੁਆਨੀਤੋ ਵਿਕਟੋਰ ਰੇਮੁਲਾ ਨੇ ਦੱਸਿਆ ਕਿ ਦੋ-ਤਿੰਨ ਥਾਵਾਂ ’ਤੇ ਕਮੀਆਂ ਪਾਈਆਂ ਗਈਆਂ ਹਨ। ਗਵਰਨਰ ਨਵੇਂ ਸਿਰੇ ਤੋਂ ਏਅਰਪੋਰਟ ਦੀ ਸਾਰੀ ਪ੍ਰਕਿਰਿਆ ਨੂੰ ਮੁੜ ਤੋਂ ਸ਼ੁਰੂ ਕਰਨਗੇ। ਨਾਲ ਹੀ ਰੇਮੁਲਾ ਨੇ ਇਹ ਵੀ ਕਿਹਾ ਕਿ ਅਸੀਂ ਇਹ ਦੇਖਿਆ ਅਤੇ ਮਹਿਸੂਸ ਕੀਤਾ ਹੈ ਕਿ ਚੀਨੀ ਕੰਪਨੀ ਇਸ ਪ੍ਰਾਜੈਕਟ ਨੂੰ ਚੰਗੇ ਢੰਗ ਨਾਲ ਨਹੀਂ ਕਰੇਗੀ ਕਿਉਂਕਿ ਉਸ ਦਾ ਇਰਾਦਾ ਕੁਝ ਹੋਰ ਹੈ।

ਦਸੰਬਰ 2019 ਨੂੰ ਸੀ. ਸੀ. ਸੀ. ਸੀ.-ਮੈਕ੍ਰੋਏਸ਼ੀਆ ਸਾਂਝੇ ਤੌਰ ’ਤੇ 10 ਅਰਬ ਅਮਰੀਕੀ ਡਾਲਰ ਦੇ ਏਅਰਪੋਰਟ ਪ੍ਰਾਜੈਕਟ ਨੂੰ ਲੈਣ ਵਾਲੀ ਇਕਲੌਤੀ ਕੰਪਨੀ ਸੀ, ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਮਨੀਲਾ ’ਚ ਬਣੇ ਚਾਰ ਕੌਮਾਂਤਰੀ ਏਅਰਪੋਰਟ ਟਰਮੀਨਲ ’ਤੇ ਭੀੜ ਘੱਟ ਹੋਵੇਗੀ। ਫਿਲੀਪੀਨਸ ਦੇ ਚੀਨੀ ਕੰਪਨੀ ਨਾਲ ਏਅਰਪੋਰਟ ਪ੍ਰਾਜੈਕਟ ਰੱਦ ਕਰਨ ਦੇ ਪਿੱਛੇ ਅਸਲ ਕਾਰਨ ਹੈ ਚਾਈਨਾ ਕਮਿਊਨੀਕੇਸ਼ਨਸ ਕੰਸਟ੍ਰਕਸ਼ਨ ਕੰਪਨੀ ਭਾਵ ਸੀ. ਸੀ. ਸੀ. ਸੀ. ਦਾ ਅਮਰੀਕਾ ਵਲੋਂ ਬਲੈਕਲਿਸਟ ’ਚ ਪਾਇਆ ਜਾਣਾ। ਅਮਰੀਕਾ ਨੇ ਚੀਨੀ ਕੰਪਨੀ ਨੂੰ ਅਗਸਤ ’ਚ ਬਲੈਕਲਿਸਟ ’ਚ ਪਾਇਆ ਸੀ। ਦਰਅਸਲ ਇਸ ਕੰਪਨੀ ’ਤੇ ਦੱਖਣੀ ਚੀਨ ਸਾਗਰ ’ਚ ਇਕ ਟਾਪੂ ਬਣਾਉਣ ਅਤੇ ਉਸ ਨੂੰ ਫੌਜੀ ਹਵਾਈ ਅੱਡਾ ਬਣਾਉਣ ਦਾ ਦੋਸ਼ ਹੈ ਜਿਸ ਦੀ ਵਜ੍ਹਾ ਨਾਲ ਇਸ ਨੂੰ ਕਾਲੀ ਸੂਚੀ ’ਚ ਪਾਇਆ ਗਿਆ ਹੈ।

ਹਾਲਾਂਕਿ ਫਿਲੀਪੀਨਸ ਨੇ ਬੜੀ ਸਮਝਦਾਰੀ ਨਾਲ ਇਸ ਮਾਮਲੇ ਨੂੰ ਟਾਲਦੇ ਹੋਏ ਕਿਹਾ ਕਿ ਏਅਰਪੋਰਟ ਪ੍ਰਾਜੈਕਟ ਦੇ ਰੱਦ ਹੋਣ ਦਾ ਸੀ. ਸੀ. ਸੀ. ਸੀ. ਦੇ ਕਾਲੀ ਸੂਚੀ ’ਚ ਜਾਣ ਨਾਲ ਕੋਈ ਲਿੰਕ ਨਹੀਂ ਹੈ।ਇਸ ਘਟਨਾ ’ਤੇ ਜਦੋਂ ਮੀਡੀਆ ਨੇ ਸੀ. ਸੀ. ਸੀ. ਸੀ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਕੋਈ ਜਵਾਬ ਨਹੀਂ ਮਿਲਿਆ ਪਰ ਏਅਰਪੋਰਟ ਪ੍ਰਾਜੈਕਟ ਦੇ ਰੱਦ ਹੋਣ ਨਾਲ ਮੈਕ੍ਰੋਏਸ਼ੀਆ ਦੇ ਸ਼ੇਅਰਾਂ ’ਤੇ ਬੁਰਾ ਅਸਰ ਪਿਆ ਹੈ, ਸਿਰਫ 10 ਮਿੰਟ ਦੇ ਅੰਦਰ ਹੀ ਇਸ ਦੇ ਸ਼ੇਅਰਾਂ ’ਚ 19 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜੋ ਪਿਛਲੇ 3 ਮਹੀਨਿਆਂ ’ਚ ਸਭ ਤੋਂ ਘੱਟ ਹੈ।


author

Vandana

Content Editor

Related News