ਫਿਲੀਪੀਨ ''ਚ ਪਲਟਿਆ ਟਰੱਕ, 9 ਬੱਚਿਆਂ ਦੀ ਮੌਤ 16 ਹੋਰ ਜ਼ਖਮੀ
Friday, Jul 19, 2019 - 11:44 AM (IST)

ਮਨੀਲਾ (ਭਾਸ਼ਾ)— ਫਿਲੀਪੀਨ ਵਿਚ ਸ਼ੁੱਕਰਵਾਰ ਨੂੰ ਇਕ ਟਰੱਕ ਡਰਾਈਵਰ ਢਲਾਣ ਵਾਲੀ ਸੜਕ 'ਤੇ ਗੱਡੀ ਤੋਂ ਕੰਟਰੋਲ ਗਵਾ ਬੈਠਾ। ਨਤੀਜੇ ਵਜੋਂ ਟਰੱਕ ਪਲਟ ਗਿਆ। ਟਰੱਕ ਵਿਚ ਸਵਾਰ ਘੱਟੋ-ਘੱਟ 9 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਪੁਲਸ ਜਾਂਚ ਕਰਤਾ ਨੈਲਸਨ ਸੈਕੀਬਲ ਨੇ ਦੱਸਿਆ ਕਿ ਡਰਾਈਵਰ ਸਮੇਤ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਹਾਦਸਾ ਮੱਧ ਸੇਬੂ ਸੂਬੇ ਦੇ ਬੋਲਜੂਨ ਸ਼ਹਿਰ ਵਿਚ ਵਾਪਰਿਆ। ਦੋ ਪਿੰਡਾਂ ਦੇ ਸਕੂਲਾਂ ਦੇ ਵਿਦਿਆਰਥੀ ਸੱਭਿਆਚਾਰਕ, ਸਿਹਤ ਅਤੇ ਖੇਡ ਮਹਾਉਤਸਵ ਵਿਚ ਹਿੱਸਾ ਲੈਣ ਜਾ ਰਹੇ ਸਨ। ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ ਹਾਦਸੇ ਕਾਰਨ ਕੁਝ ਵਿਦਿਆਰਥੀ ਟਰੱਕ ਦੇ ਅੰਦਰ ਦੱਬੇ ਗਏ ਜਦਕਿ ਹੋਰ ਇਕਦਮ ਬਾਹਰ ਉਛਲ ਗਏ। ਸਥਾਨਕ ਵਸਨੀਕਾਂ, ਪੁਲਸ ਅਤੇ ਦਮਕਲ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ।