ਫਿਲਾਡੇਲਫੀਆ ਪੁਲਸ ਨੇ ਵਾਲਟਰ ਵਾਲੇਸ ਜੂਨੀਅਰ ਦੀ ਗੋਲੀਬਾਰੀ ਵਾਲੀ ਵੀਡੀਓ ਕੀਤੀ ਜਾਰੀ

Friday, Nov 06, 2020 - 01:19 PM (IST)

ਫਿਲਾਡੇਲਫੀਆ ਪੁਲਸ ਨੇ ਵਾਲਟਰ ਵਾਲੇਸ ਜੂਨੀਅਰ ਦੀ ਗੋਲੀਬਾਰੀ ਵਾਲੀ ਵੀਡੀਓ ਕੀਤੀ ਜਾਰੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਿਲਾਡੇਲਫੀਆ ਵਿਚ ਸਿਟੀ ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਵਾਲਟਰ ਵਾਲੇਸ ਜੂਨੀਅਰ ਦੀ ਪੁਲਸ ਗੋਲੀਬਾਰੀ ਹੋਈ ਮੌਤ ਸੰਬੰਧੀ ਅਧਿਕਾਰੀ ਦੇ ਕੈਮਰੇ ਦੀ ਫੁਟੇਜ ਅਤੇ 911 ਕਾਲਾਂ ਜਾਰੀ ਕੀਤੀਆਂ ਹਨ। ਇਸ 27 ਸਾਲਾ ਵਿਅਕਤੀ 'ਤੇ ਪਿਛਲੇ ਦਿਨੀਂ ਹੋਈ ਗੋਲੀਬਾਰੀ ਨੇ ਸ਼ਹਿਰ ਵਿੱਚ ਪ੍ਰਦਰਸ਼ਨ ਅਤੇ ਅਸ਼ਾਂਤੀ ਫੈਲਾ ਦਿੱਤੀ ਸੀ। 

ਜਾਰੀ ਕੀਤੀ 911 ਆਡੀਓ ਵਿਚ ਵਾਲੇਸ ਦੀ ਭੈਣ, ਭਰਾ ਅਤੇ ਇਕ ਗੁਆਂਢੀ ਦੀਆਂ ਕਾਲਾਂ ਸ਼ਾਮਲ ਹਨ। ਇਸ ਕੈਮਰਾ ਫੁਟੇਜ ਵਿਚ ਵਾਲੇਸ ਆਪਣੇ ਅਪਾਰਟਮੈਂਟ ਵਿਚੋਂ ਇੱਕ ਚਾਕੂ ਸਮੇਤ ਬਾਹਰ ਨਿਕਲਦਾ ਹੈ। ਉਹ ਇਕ ਅਧਿਕਾਰੀ ਵੱਲ ਅੱਗੇ ਵਧਦਾ ਹੈ ਅਤੇ ਦੋਵੇਂ ਅਧਿਕਾਰੀ ਉਸ ਵੱਲ ਬੰਦੂਕ ਤਾਣਦੇ ਹੋਏ ਚਾਕੂ ਹੇਠਾਂ ਰੱਖਣ ਲਈ ਕਹਿੰਦੇ ਹਨ ਹਨ । ਵਾਲੇਸ ਫਿਰ ਦੂਜੇ ਅਫਸਰ ਵੱਲ ਸੜਕ ਦੇ ਪਾਰ ਜਾਣ ਲਈ ਮੁੜਦਾ ਹੈ। ਇਕ ਜਨਾਨੀ ਨੇ ਇਸ ਵਿਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਕਿਸੇ ਦੁਆਰਾ ਉਸ ਨੂੰ ਦਿਮਾਗੀ ਤੌਰ 'ਤੇ ਪਾਗਲ ਕਹਿੰਦਿਆਂ ਵੀ ਸੁਣਿਆ ਜਾ ਸਕਦਾ ਹੈ। ਵਾਲੇਸ ਦੀ ਦਿਮਾਗੀ ਹਾਲਤ ਬਾਰੇ ਉਸਦੇ ਪਰਿਵਾਰ ਵੱਲੋਂ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਪਰ ਉਸ ਨੂੰ ਦੋ ਅਧਿਕਾਰੀਆਂ ਦੁਆਰਾ 14 ਵਾਰ ਗੋਲੀ ਮਾਰ ਦਿੱਤੀ ਗਈ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ।

ਪੁਲਸ ਸਟੇਸ਼ਨ ਅਨੁਸਾਰ ਵੀਡੀਓ ਦੇ ਜਾਰੀ ਹੋਣ ਤੋਂ ਪਹਿਲਾਂ ਦਰਜਨਾਂ ਸ਼ਾਂਤਮਈ ਪ੍ਰਦਰਸ਼ਨਕਾਰੀ ਬੁੱਧਵਾਰ ਨੂੰ ਇਕੱਠੇ ਹੋਏ ਸਨ।  ਫਿਲਾਡੇਲਫੀਆ ਦੇ ਮੇਅਰ ਜਿਮ ਕੈਨੀ ਨੇ ਕਿਹਾ ਕਿ ਇਹ ਵੀਡੀਓ ਬਹੁਤ ਹੀ ਦੁਖਦਾਈ ਹੈ  ਪਰ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਤਬਦੀਲੀ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਜ਼ਰੂਰੀ ਹੈ। ਫਿਲਡੇਲਫੀਆ ਦੇ ਪੁਲਸ ਕਮਿਸ਼ਨਰ ਡੈਨੀਅਲ ਆਉਟਲਾਅ ਅਨੁਸਾਰ ਵਿਭਾਗ ਪਾਰਦਰਸ਼ਤਾ ਵਿਚ ਸੁਧਾਰ ਲਿਆਉਣ ਦੇ ਯਤਨ ਵਿਚ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਇਕ ਪੁਲਿਸ ਗੋਲੀਬਾਰੀ ਵਿਚ ਬਾਡੀਕੈਮ ਫੁਟੇਜ ਜਨਤਕ ਤੌਰ ‘ਤੇ ਜਾਰੀ ਕਰ ਰਿਹਾ ਹੈ। ਇਸ ਘਟਨਾ ਦੇ ਸੰਬੰਧ ਵਿਚ ਆਉਟਲਾਅ ਨੇ ਦੋਵਾਂ ਅਧਿਕਾਰੀਆਂ ਦੀ ਪਛਾਣ ਇਕ 25 ਸਾਲਾ ਸੀਨ ਮੈਟਰਾਜ਼ੋ ਜੋ ਕਿ ਸਾਲ 2018 ਤੋਂ ਵਿਭਾਗ ਨਾਲ ਹੈ, ਅਤੇ 26 ਸਾਲਾ ਥੌਮਸ ਮੁੰਜ਼ ਜੋ ਕਿ ਸਾਲ 2017 ਤੋਂ ਵਿਭਾਗ ਨਾਲ ਹੈ, ਵਜੋਂ ਕੀਤੀ ਹੈ।
 


author

Lalita Mam

Content Editor

Related News