ਪੈਰਾਗਲਾਈਡਰ ਕ੍ਰੈਸ਼ ਹੋਣ ਕਾਰਨ ਬਿਜਲੀ ਦੀਆਂ ਤਾਰਾਂ ''ਚ ਫਸਿਆ ਵਿਅਕਤੀ, ਕ੍ਰੇਨ ਨਾਲ ਲਾਇਆ ਹੇਠਾਂ

02/22/2020 1:18:29 AM

ਵਾਸ਼ਿੰਗਟਨ - ਅਮਰੀਕਾ ਦੇ ਕੈਲੀਫੋਰਨੀਆ ਵਿਚ ਪੈਰਾਗਲਾਈਡਿੰਗ ਕਰ ਰਿਹਾ ਸ਼ਖਸ ਹਾਦਸੇ ਦਾ ਸ਼ਿਕਾਰ ਹੋ ਗਿਆ। ਕ੍ਰੈਸ਼ ਹੋਣ ਤੋਂ ਬਾਅਦ ਬਿਜਲੀ ਦੀ ਲਾਈਨ ਵਿਚ ਅਟਕ ਗਿਆ। 3 ਘੰਟੇ ਤੱਕ ਇਹ ਆਦਮੀ ਬਿਜਲੀਆਂ ਦੀਆਂ ਤਾਰਾਂ ਨਾਲ ਲੱਟਕਦਾ ਰਿਹਾ। ਜਾਣਕਾਰੀ ਮਿਲਣ 'ਤੇ ਪਹੁੰਚੀ ਪੁਲਸ ਅਤੇ ਬਚਾਅ ਟੀਮ ਨੇ ਸਖਤ ਮਸ਼ੱਕਤ ਤੋਂ ਬਾਅਦ ਉਸ ਨੂੰ ਹੇਠਾਂ ਲਾਇਆ। ਉੱਤਰੀ ਕੈਲੀਫੋਰਨੀਆ ਵਿਚ ਬੁੱਧਵਾਰ ਨੂੰ ਇਹ ਮਾਮਲਾ ਸਾਹਮਣੇ ਆਇਆ ਹੈ। ਸ਼ਖਸ ਦੇ ਰੈੱਸਕਿਊ ਅਪਰੇਸ਼ਨ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ।

ਓਲੀਵਹਿਸਰਟ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਮੁਤਾਬਕ, ਬੁੱਧਵਾਰ ਦੀ ਰਾਤ ਇਸ ਮਾਮਲੇ ਦੀ ਜਾਣਕਾਰੀ ਮਿਲੀ। ਸ਼ਖਸ ਦਾ ਮੂੰਹ ਜ਼ਮੀਨ ਵੱਲ ਸੀ ਅਤੇ ਉਹ ਤਾਰਾਂ ਦੇ ਸਹਾਰੇ ਲਟਕਿਆ ਸੀ। ਇਸ ਸ਼ਖਸ ਦੀ ਕੋਸ਼ਿਸ਼ ਯੂਬਾ ਕੰਟਰੀ ਏਅਰਪੋਰਟ 'ਤੇ ਉਤਰਣ ਦੀ ਸੀ ਪਰ ਪੈਰਾਗਲਾਈਡਰ ਕ੍ਰੈਸ਼ ਹੋ ਗਿਆ ਅਤੇ ਤਾਰਾਂ 'ਤੇ ਲੱਟਕ ਗਿਆ। ਉਹ ਇਕ ਟ੍ਰੇਨਿੰਗ ਐਕਸਰਸਾਈਜ਼ 'ਤੇ ਸੀ। ਪੁਲਸ ਅਤੇ ਫਾਇਰ ਵਿਭਾਗ ਮੁਤਾਬਕ 3 ਘੰਟੇ ਬਾਅਦ ਉਸ ਨੂੰ ਹੇਠਾਂ ਲਾਇਆ ਗਿਆ। ਜਾਣਕਾਰੀ ਮੁਤਾਬਕ ਸ਼ਖਸ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ।

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 5 ਵਜੇ ਉਹ ਤਾਰਾਂ ਵਿਚ ਆ ਕੇ ਲੱਟਕ ਗਿਆ। ਚੰਗੀ ਗੱਲ ਇਹ ਰਹੀ ਕਿ ਉਸ ਦਾ ਸਰੀਰ ਤਾਰਾਂ ਨੂੰ ਨਹੀਂ ਛੁਹਿਆ। ਪੁਲਸ ਨੇ ਇਲਾਕੇ ਦੀ ਬਿਜਲੀ ਬੰਦ ਕਰਾਈ ਅਤੇ ਉਸ ਨੂੰ ਹੇਠਾਂ ਲਾਉਣ ਦਾ ਕੰਮ ਸ਼ੁਰੂ ਕੀਤਾ, ਜਿਹਡ਼ਾ 3 ਘੰਟੇ ਚੱਲਿਆ। ਇਸ ਦੌਰਾਨ ਪੂਰੇ ਇਲਾਕੇ ਦੀ ਬਿਜਲੀ ਬੰਦ ਰਹੀ। ਅਧਿਕਾਰੀਆਂ ਨੇ ਆਖਿਆ ਕਿ ਸਭ ਤੋਂ ਜ਼ਿਆਦਾ ਧਿਆਨ ਇਸ ਗੱਲ ਦਾ ਰੱਖਣਾ ਸੀ ਕਿ ਬਿਜਲੀ ਦੀ ਸਪਲਾਈ ਬੰਦ ਰਹੇ। ਉਥੇ ਜਿਸ ਤਰ੍ਹਾਂ ਨਾਲ ਉਹ ਫਸਿਆ ਸੀ ਅਤੇ ਉਸ ਦਾ ਮੂੰਹ ਜ਼ਮੀਨ ਵੱਲ ਸੀ। ਉਸ ਨੂੰ ਦੇਖਦੇ ਹੋਏ ਇਹ ਵੀ ਯਕੀਨਨ ਕਰਨਾ ਸੀ ਕਿ ਕਿਤੇ ਉਹ ਹੇਠਾਂ ਡਿੱਗ ਨਾ ਜਾਵੇ।


Khushdeep Jassi

Content Editor

Related News