‘ਝੂਠ ਫੈਲਾ ਰਿਹੈ ਈਰਾਨ’, ਦੁਬਈ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਤੋਂ ਅਮਰੀਕਾ ਦਾ ਇਨਕਾਰ

Sunday, Mar 29, 2026 - 03:58 AM (IST)

‘ਝੂਠ ਫੈਲਾ ਰਿਹੈ ਈਰਾਨ’, ਦੁਬਈ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਤੋਂ ਅਮਰੀਕਾ ਦਾ ਇਨਕਾਰ

ਵਾਸ਼ਿੰਗਟਨ – ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ ਦੁਬਈ ਵਿਚ ਅਮਰੀਕੀ ਫੌਜੀਆਂ ਦੇ 2 ਗੁਪਤ ਟਿਕਾਣਿਆਂ ’ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲੇ ਦਾ ਦਾਅਵਾ ਕੀਤਾ ਹੈ। ਆਈ. ਆਰ. ਜੀ. ਸੀ. ਦੇ ਬੁਲਾਰੇ ਇਬਰਾਹਿਮ ਜ਼ੁਲਫਾਗਰੀ ਨੇ ਕਿਹਾ ਕਿ ਪਹਿਲੇ ਟਿਕਾਣੇ ’ਤੇ 400 ਤੋਂ ਵੱਧ ਅਤੇ ਦੂਜੇ ’ਤੇ 100 ਤੋਂ ਵੱਧ ਅਮਰੀਕੀ ਫੌਜੀ ਮੌਜੂਦ ਸਨ। ਇਨ੍ਹਾਂ ਹਮਲਿਆਂ ਵਿਚ 500 ਤੋਂ ਵੱਧ ਅਮਰੀਕੀ ਫੌਜੀਆਂ ਤੇ ਕਮਾਂਡਰਾਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਅਮਰੀਕੀ ਸੈਂਟਰਲ ਕਮਾਂਡ ਨੇ ਈਰਾਨ ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਝੂਠ ਕਰਾਰ ਦਿੱਤਾ ਹੈ।

ਈਰਾਨੀ ਮੀਡੀਆ ਨੇ ਇਸ ਨੂੰ ਅਮਰੀਕਾ-ਇਜ਼ਰਾਈਲ ਹਮਲਿਆਂ ਦਾ ਬਦਲਾ ਦੱਸਿਆ ਅਤੇ ਕਿਹਾ ਕਿ ਦੁਬਈ ਵਿਚ ਐਂਬੂਲੈਂਸਾਂ ਘੰਟਿਆਂਬੱਧੀ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਲੈ ਕੇ ਜਾਂਦੀਆਂ ਰਹੀਆਂ। ਈਰਾਨ ਨੇ ਇਸ ਨੂੰ ਆਪਣੀ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਦੱਸਿਆ।

ਦੂਜੇ ਪਾਸੇ ਅਮਰੀਕੀ ਸੈਂਟਕਾਮ ਨੇ ਆਪਣੇ ‘ਐਕਸ’ ਅਕਾਊਂਟ ’ਤੇ ਲਿਖਿਆ ਕਿ ਦੁਬਈ ਵਿਚ ਕਿਸੇ ਵੀ ਅਮਰੀਕੀ ਵਿਅਕਤੀ ’ਤੇ ਕੋਈ ਹਮਲਾ ਨਹੀਂ ਹੋਇਆ। ਪੋਸਟ ਵਿਚ ਕਿਹਾ ਗਿਆ ਹੈ ਕਿ ਈਰਾਨੀ ਸ਼ਾਸਨ ਸੋਸ਼ਲ ਮੀਡੀਆ ’ਤੇ ਝੂਠ ਫੈਲਾਅ ਰਿਹਾ ਹੈ ਤਾਂ ਜੋ ਇਹ ਲੁਕੋ ਸਕੇ ਕਿ ਉਨ੍ਹਾਂ ਦੀ ਫੌਜੀ ਸਮਰੱਥਾ ਨੂੰ ਪੂਰੀ ਤਰ੍ਹਾਂ ਕੁਚਲਿਆ ਤੇ ਨੁਕਸਾਨਿਆ ਗਿਆ ਹੈ।

ਸੈਂਟਕਾਮ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਅਮਰੀਕੀ ਫੌਜੀ ਦੁਬਈ ਵਿਚ ਪ੍ਰਭਾਵਿਤ ਨਹੀਂ ਹੋਇਆ ਅਤੇ ਈਰਾਨ ਆਪਣੀ ਹਾਰ ਨੂੰ ਲੁਕੋਣ ਲਈ ਪ੍ਰੋਪੇਗੰਡਾ ਚਲਾ ਰਿਹਾ ਹੈ।

ਸਾਊਦੀ ਅਰਬ ਦਾ ਪ੍ਰਿੰਸ ਸੁਲਤਾਨ ਏਅਰ ਬੇਸ ਨਿਸ਼ਾਨੇ ’ਤੇ
ਈਰਾਨ ਨੇ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰ ਬੇਸ ’ਤੇ 6 ਬੈਲਿਸਟਿਕ ਮਿਜ਼ਾਈਲਾਂ ਅਤੇ 29 ਡਰੋਨ ਦਾਗੇ ਸਨ। ਇਸ ਹਮਲੇ ਵਿਚ ਘੱਟੋ-ਘੱਟ 15 ਅਮਰੀਕੀ ਫੌਜੀ ਜ਼ਖਮੀ ਹੋਏ, ਜਿਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਨੇ ਸ਼ੁਰੂ ਵਿਚ 10 ਫੌਜੀਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਸੀ, ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਸੀ। ਅਮਰੀਕੀ ਫੌਜੀ ਬਲਾਂ ਦੀ ਹੋਰ ਤਾਇਨਾਤੀ ਮੱਧ ਪੂਰਬ ਵਿਚ ਕੀਤੀ ਜਾ ਰਹੀ ਹੈ।

ਯੂ. ਐੱਸ. ਸੈਂਟਰਲ ਕਮਾਂਡ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਾਪਾਨ ਵਿਚ ਸਥਿਤ ਇਕ ਨੇਵੀ ਜਹਾਜ਼ ’ਤੇ ਸਵਾਰ ਲੱਗਭਗ 2,500 ਮਰੀਨ ਹੁਣ ਇਸ ਖੇਤਰ ਵਿਚ ਪਹੁੰਚ ਗਏ ਹਨ। ਇਹ ਜਹਾਜ਼ ਯੂ. ਐੱਸ. ਐੱਸ. ਤ੍ਰਿਪੋਲੀ ਹੈ, ਜੋ ਕਿ ਇਕ ਐਮਫੀਬੀਅਸ ਅਸਾਲਟ ਸ਼ਿਪ ਹੈ। ਇਸ ਦੇ ਨਾਲ 31ਵੀਂ ਮਰੀਨ ਐਕਸਪੀਡੀਸ਼ਨਰੀ ਯੂਨਿਟ ਦੇ ਜਵਾਨ ਵੀ ਸ਼ਾਮਲ ਹਨ।
 


author

Inder Prajapati

Content Editor

Related News