ਈਰਾਨ-ਅਮਰੀਕਾ ਜੰਗ ’ਚ ਵੱਡੀ ਰਾਹਤ, ਟਰੰਪ ਨੇ ਈਰਾਨੀ ਊਰਜਾ ਟਿਕਾਣਿਆਂ ’ਤੇ ਹਮਲੇ 10 ਦਿਨਾਂ ਲਈ ਰੋਕੇ

Friday, Mar 27, 2026 - 04:22 AM (IST)

ਈਰਾਨ-ਅਮਰੀਕਾ ਜੰਗ ’ਚ ਵੱਡੀ ਰਾਹਤ, ਟਰੰਪ ਨੇ ਈਰਾਨੀ ਊਰਜਾ ਟਿਕਾਣਿਆਂ ’ਤੇ ਹਮਲੇ 10 ਦਿਨਾਂ ਲਈ ਰੋਕੇ

ਵਾਸ਼ਿੰਗਟਨ: ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਦਰਮਿਆਨ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਈਰਾਨ ਦੇ ਊਰਜਾ ਟਿਕਾਣਿਆਂ 'ਤੇ ਹੋਣ ਵਾਲੇ ਹਮਲਿਆਂ ਨੂੰ 10 ਦਿਨਾਂ ਲਈ ਮੁਲਤਵੀ ਕਰ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਬਹੁਤ ਚੰਗੀ ਚੱਲ ਰਹੀ ਹੈ ਅਤੇ ਇਹ ਫੈਸਲਾ ਈਰਾਨ ਦੀ ਬੇਨਤੀ 'ਤੇ ਲਿਆ ਗਿਆ ਹੈ।

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਕਰਦਿਆਂ ਲਿਖਿਆ, "ਈਰਾਨੀ ਸਰਕਾਰ ਦੀ ਬੇਨਤੀ 'ਤੇ ਮੈਂ ਊਰਜਾ ਟਿਕਾਣਿਆਂ ਨੂੰ ਤਬਾਹ ਕਰਨ ਦੀ ਕਾਰਵਾਈ ਨੂੰ 10 ਦਿਨਾਂ ਲਈ ਰੋਕ ਰਿਹਾ ਹਾਂ"। ਉਨ੍ਹਾਂ ਦੱਸਿਆ ਕਿ ਇਹ ਰੋਕ ਸੋਮਵਾਰ, 6 ਅਪ੍ਰੈਲ 2026 ਨੂੰ ਰਾਤ 8 ਵਜੇ ਤੱਕ ਜਾਰੀ ਰਹੇਗੀ। ਟਰੰਪ ਨੇ ਸੰਕੇਤ ਦਿੱਤਾ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਸਕਾਰਾਤਮਕ ਦਿਸ਼ਾ ਵਿੱਚ ਵਧ ਰਹੀ ਹੈ ਅਤੇ ਉਨ੍ਹਾਂ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਜੋ ਇਸ ਦੇ ਉਲਟ ਦਾਅਵਾ ਕਰ ਰਹੀਆਂ ਸਨ।

ਜੰਗ ਦੇ ਵਧਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੇ ਈਰਾਨ ਦੇ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਵਿੱਚ ਰਸਮੀ ਤੌਰ 'ਤੇ ਕਮੀ ਕੀਤੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕਾ ਅਤੇ ਇਜ਼ਰਾਈਲ ਲਗਾਤਾਰ ਈਰਾਨ ਦੇ ਤੇਲ ਅਤੇ ਊਰਜਾ ਕੇਂਦਰਾਂ 'ਤੇ ਭੀਸ਼ਣ ਹਮਲੇ ਕਰ ਰਹੇ ਸਨ ਤਾਂ ਜੋ ਤੇਹਰਾਨ ਦੀ ਆਰਥਿਕ ਅਤੇ ਫੌਜੀ ਕਮਰ ਤੋੜੀ ਜਾ ਸਕੇ। ਜਵਾਬ ਵਿੱਚ ਈਰਾਨ ਨੇ ਵੀ ਖੇਤਰ ਵਿੱਚ ਅਮਰੀਕੀ ਟਿਕਾਣਿਆਂ ਅਤੇ ਸਹਿਯੋਗੀ ਦੇਸ਼ਾਂ ਦੇ ਬੁਨਿਆਦੀ ਢਾਂਚੇ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਸਨ।

ਇਸ ਫੈਸਲੇ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕੈਬਨਿਟ ਮੀਟਿੰਗ ਦੌਰਾਨ ਦਾਅਵਾ ਕੀਤਾ ਸੀ ਕਿ ਈਰਾਨ ਨੇ ਅਮਰੀਕਾ ਨੂੰ ਇੱਕ 'ਕੀਮਤੀ ਤੋਹਫ਼ਾ' ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਈਰਾਨ ਨੇ ਹੋਰਮੁਜ਼ ਜਲਡਮਰੂ (Strait of Hormuz) ਤੋਂ 10 ਤੇਲ ਟੈਂਕਰਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਵਿੱਚੋਂ ਕੁਝ ਟੈਂਕਰਾਂ 'ਤੇ ਪਾਕਿਸਤਾਨੀ ਝੰਡੇ ਲੱਗੇ ਹੋਏ ਸਨ। 

ਮਾਹਿਰਾਂ ਦਾ ਮੰਨਣਾ ਹੈ ਕਿ 10 ਦਿਨਾਂ ਦੀ ਇਹ ਰੋਕ ਮੌਜੂਦਾ ਸੰਘਰਸ਼ ਵਿੱਚ ਪਹਿਲੀ ਵੱਡੀ ਨਰਮੀ ਹੈ, ਜੋ ਭਵਿੱਖ ਵਿੱਚ ਵੱਡੀ ਜੰਗਬੰਦੀ ਲਈ ਰਾਹ ਪੱਧਰਾ ਕਰ ਸਕਦੀ ਹੈ। ਹਾਲਾਂਕਿ, ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਇਹ ਸਿਰਫ਼ ਅਸਥਾਈ ਰਾਹਤ ਹੈ ਜਾਂ ਕੋਈ ਸਥਾਈ ਸਮਝੌਤਾ।


author

Inder Prajapati

Content Editor

Related News