ਟਰੰਪ ਪ੍ਰਸ਼ਾਸਨ ਛੁਪਾ ਰਿਹੈ ''ਮੌਤਾਂ ਦਾ ਅੰਕੜਾ! ਅਮਰੀਕਾ-ਈਰਾਨ ਜੰਗ ''ਚ ਵੱਡਾ ਖੁਲਾਸਾ

Friday, Apr 03, 2026 - 10:35 AM (IST)

ਟਰੰਪ ਪ੍ਰਸ਼ਾਸਨ ਛੁਪਾ ਰਿਹੈ ''ਮੌਤਾਂ ਦਾ ਅੰਕੜਾ! ਅਮਰੀਕਾ-ਈਰਾਨ ਜੰਗ ''ਚ ਵੱਡਾ ਖੁਲਾਸਾ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਈਰਾਨ ਨਾਲ ਜਾਰੀ ਜੰਗ ਦੇ ਵਿਚਕਾਰ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) 'ਤੇ ਮੱਧ ਪੂਰਬ ਵਿੱਚ ਅਮਰੀਕੀ ਸੈਨਿਕਾਂ ਦੇ ਅਸਲ ਜਾਨੀ ਨੁਕਸਾਨ ਨੂੰ ਜਨਤਾ ਤੋਂ ਛੁਪਾਉਣ ਯਾਨੀ 'ਕੈਜ਼ੂਅਲਟੀ ਕਵਰ-ਅਪ' (Casualty Cover-up) ਦੇ ਦੋਸ਼ ਲੱਗੇ ਹਨ।

750 ਤੋਂ ਵੱਧ ਸੈਨਿਕ ਹੋਏ ਹਲਾਕ ਜਾਂ ਜ਼ਖਮੀ

ਰਿਪੋਰਟ ਮੁਤਾਬਕ ਅਕਤੂਬਰ 2023 ਤੋਂ ਹੁਣ ਤੱਕ ਮੱਧ ਪੂਰਬ ਵਿੱਚ ਲਗਭਗ 750 ਅਮਰੀਕੀ ਸੈਨਿਕ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ। ਪਰ ਪੈਂਟਾਗਨ ਅਤੇ ਅਮਰੀਕੀ ਸੈਂਟਰਲ ਕਮਾਂਡ (CENTCOM) ਵੱਲੋਂ ਜਾਣਬੁੱਝ ਕੇ ਪੁਰਾਣੇ ਅਤੇ ਬਹੁਤ ਘੱਟ ਅੰਕੜੇ ਪੇਸ਼ ਕੀਤੇ ਜਾ ਰਹੇ ਹਨ। ਸਿਰਫ ਈਰਾਨ ਨਾਲ ਜੰਗ ਸ਼ੁਰੂ ਹੋਣ ਦੇ ਇਕ ਮਹੀਨੇ ਦੇ ਅੰਦਰ ਹੀ ਘੱਟੋ-ਘੱਟ 15 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਅਤੇ ਜੰਗ ਸਕੱਤਰ ਪੀਟ ਹੇਗਸੇਥ ਇਨ੍ਹਾਂ ਅੰਕੜਿਆਂ ਨੂੰ ਜਨਤਕ ਨਹੀਂ ਹੋਣ ਦੇਣਾ ਚਾਹੁੰਦੇ। ਇਕ ਵੱਡਾ ਖੁਲਾਸਾ ਇਹ ਹੋਇਆ ਹੈ ਕਿ 'ਯੂ.ਐਸ.ਐਸ. ਜੈਰਲਡ ਆਰ. ਫੋਰਡ' ਜੰਗੀ ਬੇੜੇ 'ਤੇ ਲੱਗੀ ਅੱਗ ਕਾਰਨ ਜ਼ਖਮੀ ਹੋਏ 200 ਤੋਂ ਵੱਧ ਮਲਾਹਾਂ ਨੂੰ ਸਰਕਾਰੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ, ਸਊਦੀ ਅਰਬ ਵਿੱਚ 'ਪ੍ਰਿੰਸ ਸੁਲਤਾਨ ਏਅਰ ਬੇਸ' 'ਤੇ ਹੋਏ ਹਮਲੇ ਵਿੱਚ ਜ਼ਖਮੀ ਹੋਏ 15 ਸੈਨਿਕਾਂ ਬਾਰੇ ਵੀ ਜਾਣਕਾਰੀ ਲੁਕਾਈ ਗਈ।

ਟਰੰਪ ਦਾ ਪੱਖ: 'ਜੰਗ 'ਚ ਮੌਤਾਂ ਹੋਣਾ ਲਾਜ਼ਮੀ' 

ਇਸ ਪੂਰੇ ਮਾਮਲੇ 'ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਜਿਹੇ ਟਕਰਾਅ ਵਿੱਚ ਮੌਤਾਂ ਹੋਣਾ ਸੁਭਾਵਿਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚੇ ਗੁਆਏ ਹਨ, ਉਹ ਵੀ ਇਹੀ ਚਾਹੁੰਦੇ ਹਨ ਕਿ ਅਮਰੀਕਾ ਇਸ "ਕੰਮ ਨੂੰ ਖ਼ਤਮ ਕਰੇ" (Finish the job)। ਹਾਲਾਂਕਿ ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਵਿੱਚ ਜੰਗ ਨੂੰ ਖ਼ਤਮ ਕਰ ਸਕਦੇ ਹਨ, ਭਾਵੇਂ ਕਿ ਈਰਾਨ ਦੇ ਤੇਲ 'ਤੇ ਕਬਜ਼ਾ ਕਰਨ ਵਰਗੇ ਰਣਨੀਤਕ ਟੀਚੇ ਅਜੇ ਪੂਰੇ ਨਹੀਂ ਹੋਏ।

ਹੋਟਲਾਂ ਵਿੱਚ ਲੁਕਣ ਲਈ ਮਜਬੂਰ ਹੋਏ 

ਅਮਰੀਕੀ ਸੈਨਿਕ ਈਰਾਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਕਾਰਨ ਅਮਰੀਕੀ ਸੈਨਿਕ ਆਪਣੇ ਸੁਰੱਖਿਅਤ ਬੇਸ ਛੱਡ ਕੇ ਹੋਟਲਾਂ ਅਤੇ ਦਫ਼ਤਰਾਂ ਵਿੱਚ ਲੁਕਣ ਲਈ ਮਜਬੂਰ ਹੋ ਗਏ ਹਨ। ਕੁਵੈਤ, ਕਤਰ, ਸਊਦੀ ਅਰਬ ਅਤੇ ਬਹਿਰੀਨ ਵਰਗੇ ਦੇਸ਼ਾਂ ਵਿੱਚ ਸਥਿਤ ਅਮਰੀਕੀ ਟਿਕਾਣਿਆਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੈਂਟਾਗਨ ਨੇ ਸੈਨਿਕਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਨੁਕਸਾਨ ਹੋਰ ਵਧ ਸਕਦਾ ਹੈ।


author

Vandana

Content Editor

Related News