ਦੁਨੀਆ ਦੇ ਸਾਹਮਣੇ ਆਈ ਅਮਰੀਕਾ ਦੇ ਨਵੇਂ ਪ੍ਰਮਾਣੂ ਬੰਬਾਰ ਜਹਾਜ਼ ‘ਬੀ-21 ਰੇਡਰ’ ਦੀ ਪਹਿਲੀ ਝਲਕ
Saturday, Dec 03, 2022 - 10:22 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਭ ਤੋਂ ਨਵੇਂ ਪ੍ਰਮਾਣੂ ਬੰਬਾਰ ਜਹਾਜ਼ ‘ਬੀ-21 ਰੇਡਰ’ ਦੀ ਪਹਿਲੀ ਝਲਕ ਦੁਨੀਆ ਦੇ ਸਾਹਮਣੇ ਆ ਗਈ ਹੈ, ਜਿਸਨੂੰ ਕਈ ਸਾਲਾਂ ਤੋਂ ਚੁੱਪਚਪਿਤਿਆਂ ਤਿਆਰ ਕੀਤਾ ਗਿਆ ਹੈ। ਚੀਨ ਨਾਲ ਭਵਿੱਖ ਵਿਚ ਸੰਘਰਸ਼ ਹੋਣ ਦੀ ਸੂਰਤ ਵਿਚ ਅਮਰੀਕੀ ਚਿੰਤਾਵਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ‘ਬੀ-21 ਰੇਡਰ’ ਜਹਾਜ਼ ਵਿਕਸਤ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਪਾਮਡੇਲ ਵਿਚ ਹਵਾਈ ਫੌਜ ਕੇਂਦਰ ’ਤੇ ਸ਼ੁੱਕਰਵਾਰ ਨੂੰ ਇਸਦੀ ਘੁੰਡ ਚੁਕਾਈ ਤੋਂ ਪਹਿਲਾਂ ਇਸ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹ ਬਾਅਦ ਵਿਚ ‘ਬੀ-2 ਸਪਿਰਿਟ’ ਜਹਾਜ਼ ਦੀ ਥਾਂ ਲਵੇਗਾ।
ਇਸ ਜਹਾਜ਼ ਨੂੰ ਚੀਨ ਦੀ ਚੁਣੌਤੀ ਦੇ ਮੱਦੇਨਜ਼ਰ ਬਣਾਇਆ ਗਿਆ ਹੈ। ਪੈਂਟਾਗਨ ਨੇ ਇਸ ਹਫ਼ਤੇ ਚੀਨ 'ਤੇ ਇਕ ਰਿਪੋਰਟ 'ਚ ਕਿਹਾ ਸੀ ਕਿ ਚੀਨ 2035 ਤੱਕ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ 1,500 ਤੱਕ ਵਧਾਉਣ ਵੱਲ ਵਧ ਰਿਹਾ ਹੈ। ਇਸ ਤੋਂ ਇਲਾਵਾ, ਹਾਈਪਰਸੋਨਿਕ, ਸਾਈਬਰ ਯੁੱਧ ਅਤੇ ਪੁਲਾੜ ਸਮਰੱਥਾ ਵਿੱਚ ਉਸ ਨੂੰ ਮਿਲੀ ਬੜ੍ਹਤ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਸੁਤੰਤਰ ਅਤੇ ਖੁੱਲੇ ਅੰਤਰਰਾਸ਼ਟਰੀ ਵਿਵਸਥਾ ਸਾਹਮਣੇ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਸਾਲ 2015 ਵਿੱਚ ਰੇਡਰ ਨੂੰ ਲੈ ਕੇ ਹੋਏ ਕੰਟਰੈਕਟ ਦੇ ਸਮੇਂ ਏਅਰ ਫੋਰਸ ਸੈਕਟਰੀ ਰਹੀ ਡੇਬੋਰਾ ਲੀ ਜੇਮਜ਼ ਨੇ ਕਿਹਾ, "ਸਾਨੂੰ 21ਵੀਂ ਸਦੀ ਲਈ ਇੱਕ ਨਵੇਂ ਬੰਬਾਰ ਦੀ ਲੋੜ ਸੀ, ਜਿਸ ਨਾਲ ਅਸੀਂ ਇੱਕ ਦਿਨ ਚੀਨ, ਰੂਸ ਤੋਂ ਹੋਣ ਵਾਲੇ ਵਧੇਰੇ ਗੁੰਝਲਦਾਰ ਖਤਰਿਆਂ ਦਾ ਸਾਹਮਣਾ ਕਰ ਸਕੀਏ।"
ਇਹ ਵੀ ਪੜ੍ਹੋ: ਗੋਲਡੀ ਬਰਾੜ ਤੋਂ ਬਾਅਦ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ’ਚ ਬੈਠੇ ਹੋਰ ਗੈਂਗਸਟਰਾਂ ਵੱਲ
ਉਨ੍ਹਾਂ ਨੇ ਕਿਹਾ, ''ਬੀ-21 ਲੰਬੇ ਸਮੇਂ ਤੱਕ ਚੱਲਣ ਵਾਲਾ ਜਹਾਜ਼ ਹੈ ਅਤੇ ਇਸ ਦੇ ਜ਼ਰੀਏ ਅਸੀਂ ਇਨ੍ਹਾਂ ਬਹੁਤ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ।'' ਰੇਡਰ ਬਣਾਉਣ ਵਾਲੀ ਕੰਪਨੀ ਨੌਰਥਰੋਪ ਗ੍ਰੁਮੇਨ ਕਾਰਪੋਰੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਥੀ ਵਾਰਡਨ ਨੇ ਕਿਹਾ ਕਿ ਜਹਾਜ਼ ਦੇ 2023 ਤੋਂ ਪਹਿਲਾਂ ਉਡਾਣ ਭਰਨ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਐਡਵਾਂਸਡ ਕੰਪਿਊਟਿੰਗ ਦੀ ਵਰਤੋਂ ਕਰਕੇ ਨੌਰਥਰੋਪ ਗ੍ਰੁਮਨ ਰੇਡਰ ਦੀ ਕਾਰਗੁਜ਼ਾਰੀ ਦਾ ਪ੍ਰੀਖਣ ਕਰ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।