ਪ੍ਰੀਤੀ ਪਟੇਲ ਦੇ ਅਸਤੀਫੇ ਮਗਰੋਂ ਪੈਨੀ ਮੌਰਡੇਂਟ ਨੇ ਸੰਭਾਲਿਆ ਕੌਮਾਂਤਰੀ ਵਿਕਾਸ ਮੰਤਰੀ ਦਾ ਅਹੁਦਾ

Friday, Nov 10, 2017 - 08:29 AM (IST)

ਲੰਡਨ— ਬਰਤਾਨੀਆ 'ਚ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰੀਤੀ ਪਟੇਲ ਵਲੋਂ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਕ ਦਿਨ ਬਾਅਦ ਇਹ ਅਹੁਦਾ ਪੈਨੀ ਮੌਰਡੇਂਟ ਨੂੰ ਦੇ ਦਿੱਤਾ ਗਿਆ ਹੈ। ਵੀਰਵਾਰ ਨੂੰ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪ੍ਰੀਤੀ ਦੀ ਥਾਂ ਬ੍ਰੈਗਜ਼ਿਟ ਪੱਖੀ ਪੈਨੀ ਮੌਰਡੇਂਟ ਨੂੰ ਆਪਣੀ ਕੈਬਨਿਟ 'ਚ ਸ਼ਾਮਲ ਕਰਦਿਆਂ ਹੋਇਆ ਯੂ. ਕੇ. ਦੀ ਨਵੀਂ ਕੌਮਾਂਤਰੀ ਵਿਕਾਸ ਮੰਤਰੀ ਦਾ ਅਹੁਦਾ ਦਿੱਤਾ ਹੈ। 44 ਸਾਲਾ ਮੌਰਡੇਂਟ ਕੰਜ਼ਰਵੇਟਿਵ ਪਾਰਟੀ ਦੀ ਪੋਰਟਸਮਾਊਥ ਨੌਰਥ ਤੋਂ ਸੰਸਦ ਮੈਂਬਰ ਹੈ। ਮੌਰਡੇਂਟ ਨੇ ਭਾਰਤ 'ਚ ਚੈਰਿਟੀ ਨਾਲ ਸਬੰਧਿਤ ਕੰਮ ਕੀਤਾ ਹੈ । ਪ੍ਰੀਤੀ ਪਟੇਲ ਨੇ ਵੀ ਉਸ ਨੂੰ ਅਹੁਦਾ ਮਿਲਣ 'ਤੇ ਵਧਾਈ ਦਿੱਤੀ ਹੈ। 
ਦੱਸਣਯੋਗ ਹੈ ਕਿ ਯਹੂਦੀ ਦੇਸ਼ ਇਜ਼ਰਾਈਲ 'ਚ ਛੁੱਟੀਆਂ ਕੱਟਣ ਦੌਰਾਨ ਪ੍ਰੀਤੀ ਪਟੇਲ ਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਹੋਰ ਇਜ਼ਰਾਈਲੀ ਆਗੂਆਂ ਨਾਲ ਅਣਅਧਿਕਾਰਤ ਗੁਪਤ ਬੈਠਕਾਂ ਕੀਤੇ ਜਾਣ 'ਤੇ ਪੈਦਾ ਹੋਏ ਵਿਵਾਦ ਕਰਕੇ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ। 


Related News