ਕੋਰੋਨਾ ਮਾਮਲੇ ਵਧਣ ਕਾਰਨ ਓਂਟਾਰੀਓ ''ਚ ਸਕੂਲ ਕਰਨਾ ਪਿਆ ਬੰਦ
Thursday, Sep 17, 2020 - 03:40 PM (IST)
ਪੈਮਬਰੋਕ- ਕੋਰੋਨਾ ਵਾਇਰਸ ਦੇ ਮਾਮਲੇ ਓਂਟਾਰੀਓ ਸੂਬੇ ਵਿਚ ਮੁੜ ਵੱਧ ਗਏ ਹਨ। ਸਤੰਬਰ ਮਹੀਨੇ ਬੱਚਿਆਂ ਦੇ ਸਕੂਲ ਇਹ ਸੋਚ ਕੇ ਖੋਲ੍ਹੇ ਗਏ ਸਨ ਕਿ ਉਨ੍ਹਾਂ ਦੀ ਪੜ੍ਹਾਈ ਨਿਯਮਤ ਤੌਰ 'ਤੇ ਕੀਤੀ ਜਾਵੇਗੀ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਪੈਮਬਰੋਕ ਦੇ ਫੈਲੋਈਜ਼ ਹਾਈ ਸਕੂਲ ਵਿਚ ਕੋਰੋਨਾ ਵਾਇਰਸ ਦੇ 3 ਮਾਮਲੇ ਸਾਹਮਣੇ ਆਏ ਹਨ, ਇਸ ਕਾਰਨ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਜ਼ਿਲ੍ਹਾ ਸਿਹਤ ਇਕਾਈ ਲਈ ਕਾਰਜਕਾਰੀ ਮੁੱਖ ਮੈਡੀਕਲ ਅਫਸਰ ਦੇ ਹੁਕਮ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਸਕੂਲ ਬੰਦ ਕਰਨ ਦਾ ਹੁਕਮ ਦਿੱਤਾ ਗਿਆ। ਪੀੜਤਾਂ ਵਿਚ ਵਿਦਿਆਰਥੀ ਤੇ ਸਟਾਫ ਮੈਂਬਰ ਹਨ। ਇਸ ਸਕੂਲ ਨੇ ਅਜੇ 8 ਸਤੰਬਰ ਨੂੰ ਹੀ ਕਲਾਸਾਂ ਸ਼ੁਰੂ ਕੀਤੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਸਟਾਫ ਮੈਂਬਰ ਸਕੂਲ ਖੁੱਲ੍ਹਣ ਸਮੇਂ ਹੀ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ ਜਦਕਿ ਉਸ ਵਿਚ ਕਿਸੇ ਹੋਰ ਬੀਮਾਰੀ ਦੇ ਲੱਛਣ ਦਿਖਾਈ ਦੇ ਰਹੇ ਸਨ।
ਇਨ੍ਹਾਂ ਦੇ ਸੰਪਰਕ ਵਿਚ ਆਏ ਹਰੇਕ ਵਿਅਕਤੀ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕਾਂਤਵਾਸ ਰਹਿਣ ਲਈ ਵੀ ਕਿਹਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਤੇ ਸਿੱਖਿਆ ਅਦਾਰਿਆਂ ਨਾਲ ਗੱਲਬਾਤ ਕਰ ਰਹੇ ਹਨ। ਲਗਭਗ 90 ਵਿਦਿਆਰਥੀ ਇਸ ਅਧਿਆਪਕ ਦੇ ਸੰਪਰਕ ਵਿਚ ਆਏ ਸਨ। ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਕਿਹਾ ਗਿਆ ਹੈ।