ਟੈਕਸਾਸ ਦੀ ਚਰਚ "ਚ ਗੋਲੀਬਾਰੀ ਦੌਰਾਨ ਪਾਦਰੀ ਦੀ ਮੌਤ, 2 ਹੋਰ ਜ਼ਖਮੀ
Tuesday, Jan 05, 2021 - 10:19 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਟੈਕਸਾਸ ਦੀ ਇਕ ਚਰਚ ਵਿਚ ਇਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਇਕ ਪਾਦਰੀ ਦੀ ਹੱਤਿਆ ਅਤੇ ਦੋ ਹੋਰ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ 21 ਸਾਲਾ ਵਿਅਕਤੀ ਜੋ ਕਿ ਪੁਲਸ ਦੇ ਡਰੋਂ ਪੂਰਬੀ ਟੈਕਸਾਸ ਦੀ ਚਰਚ ਵਿਚ ਲੁਕਿਆ ਸੀ, ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
ਪੁਲਸ ਅਨੁਸਾਰ ਅਧਿਕਾਰੀ ਟੈਕਸਾਸ ਦੇ ਮਾਰਸ਼ਲ ਵਿਚ ਰਹਿਣ ਵਾਲੇ ਇਸ 21 ਸਾਲਾ ਮਾਇਟਰੇਜ਼ ਡਿਊਨਟ ਵੂਲੇਨ ਨਾਮ ਦੇ ਵਿਅਕਤੀ ਨੂੰ ਲੱਭ ਰਹੇ ਸਨ। ਸ਼ੱਕ ਸੀ ਕਿ ਉਸ ਨੇ ਵੋਲਕਸਵੈਗਨ ਜੇਟਾ ਦੀ ਛੱਤ ਰਾਹੀਂ ਸ਼ਾਟਗਨ ਬੰਨ੍ਹੀ ਸੀ। ਪੁਲਸ ਨੇ ਦੇਰ ਰਾਤ ਤੱਕ ਇਸ ਸ਼ੱਕੀ ਵਿਅਕਤੀ ਦੀ ਭਾਲ ਲਈ ਖੋਜੀ ਕੁੱਤੇ ਅਤੇ ਡਰੋਨ ਦੀ ਵਰਤੋਂ ਕੀਤੀ ਪਰ ਉਹ ਨਾ ਮਿਲਿਆ। ਉਸ ਖੇਤਰ ਨੇੜਲੀ ਸਟਾਰਵਿਲ ਮੈਥੋਡਿਸਟ ਚਰਚ ਦੇ ਪਾਦਰੀ ਨੇ ਇਸ ਦੋਸ਼ੀ ਵਿਅਕਤੀ ਨੂੰ ਐਤਵਾਰ ਸਵੇਰੇ ਚਰਚ ਦੇ ਇਕ ਬਾਥਰੂਮ ਵਿਚ ਲੁਕਿਆ ਦੇਖਿਆ। ਕਾਉਂਟੀ ਸੈਰਿਫ ਲੈਰੀ ਸਮਿੱਥ ਅਨੁਸਾਰ ਚਰਚ ਦੇ ਪਾਦਰੀ ਮਾਰਕ ਐਲੇਨ ਮੈਕਵਿਲੀਅਮਜ਼ (62) ਨੇ ਇਕ ਬੰਦੂਕ ਨਾਲ ਵੂਲੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਪਾਦਰੀ ਤੋਂ ਬੰਦੂਕ ਖੋਹ ਕੇ ਇਸ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ,ਜਿਸ ਵਿਚ ਪਾਦਰੀ ਮੈਕਵਿਲੀਅਮਜ਼ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਇਸ ਤੋਂ ਬਾਅਦ ਵੂਲਨ ਪਾਦਰੀ ਦੀ ਗੱਡੀ ਚੋਰੀ ਕਰਕੇ ਨੇੜੇ ਦੇ ਹੈਰੀਸਨ ਕਾਉਂਟੀ ਵਿਚ ਪੁਲਸ ਵਲੋਂ ਫੜੇ ਜਾਣ ਦੇ ਡਰੋਂ ਭੱਜ ਗਿਆ ਸੀ। ਪੁਲਸ ਅਨੁਸਾਰ ਵੂਲੇਨ 'ਤੇ ਗੰਭੀਰ ਹਮਲੇ ਅਤੇ ਕਤਲ ਦਾ ਦੋਸ਼ ਲਗਾ ਕੇ ਸਮਿਥ ਕਾਉਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ ਅਤੇ ਉਸ ਦੇ ਬਾਂਡ ਦੀ ਕੀਮਤ 3.5 ਮਿਲੀਅਨ ਡਾਲਰ ਰੱਖੀ ਗਈ ਹੈ। ਗੋਲੀਬਾਰੀ ਦੀ ਘਟਨਾ ਸਵੇਰੇ 9:20 ਵਜੇ ਦੇ ਕਰੀਬ ਹੋਈ ਦੱਸੀ ਗਈ ਹੈ ਅਤੇ ਉਸ ਸਮੇਂ ਚਰਚ ਵਿਚ ਕੋਈ ਸੇਵਾ ਨਹੀਂ ਚੱਲ ਰਹੀ ਸੀ ਜਦਕਿ ਚਰਚ ਵਿਚ ਪਾਦਰੀ ਸਣੇ ਉਸ ਦੀ ਪਤਨੀ ਅਤੇ ਦੋ ਹੋਰ ਲੋਕ ਮੌਜੂਦ ਸਨ।