ਜਦੋਂ ਆਸਮਾਨ 'ਚ ਸੀ ਜਹਾਜ਼ ਤਾਂ ਖ਼ਤਮ ਹੋ ਗਿਆ 'ਤੇਲ', ਯਾਤਰੀਆਂ ਦੇ ਛੁੱਟੇ ਪਸੀਨੇ

Sunday, Jul 24, 2022 - 01:40 PM (IST)

ਜਦੋਂ ਆਸਮਾਨ 'ਚ ਸੀ ਜਹਾਜ਼ ਤਾਂ ਖ਼ਤਮ ਹੋ ਗਿਆ 'ਤੇਲ', ਯਾਤਰੀਆਂ ਦੇ ਛੁੱਟੇ ਪਸੀਨੇ

ਇੰਟਰਨੈਸ਼ਨਲ ਡੈਸਕ (ਬਿਊਰੋ) ਜੇਕਰ ਤੁਸੀਂ ਕਿਸੇ ਹਵਾਈ ਜਹਾਜ਼ ਵਿਚ ਯਾਤਰਾ ਕਰ ਰਹੇ ਹੋਵੋ ਅਤੇ ਹਜ਼ਾਰਾਂ ਫੁੱਟ ਦੀ ਉੱਚਾਈ 'ਤੇ ਤੁਹਾਨੂੰ ਦੱਸਿਆ ਜਾਵੇ ਕਿ ਜਲਦੀ ਹੀ ਜਹਾਜ਼ ਦਾ ਤੇਲ ਖ਼ਤਮ ਹੋਣ ਵਾਲਾ ਹੈ ਤਾਂ ਨਿਸ਼ਚਿਤ ਤੌਰ 'ਤੇ ਤੁਸੀਂ ਘਬਰਾ ਜਾਓਗੇ। ਕੁਝ ਅਜਿਹਾ ਹੀ Aer Lingus ਦੀ ਫਲਾਈਟ ਨੰਬਰ EI779 ਦੇ ਯਾਤਰੀਆਂ ਨਾਲ ਹੋਇਆ। ਜਦੋਂ ਇਹ ਫਲਾਈਟ ਆਸਮਾਨ ਵਿਚ ਸੀ ਉਦੋਂ ਪਤਾ ਚੱਲਿਆ ਕਿ ਇਸ ਦਾ ਤੇਲ ਖ਼ਤਮ ਹੋਣ ਵਾਲਾ ਹੈ।

ਅਸਲ ਵਿਚ ਜਹਾਜ਼ ਵਿਚ ਕਿੰਨਾ ਤੇਲ ਹੈ, ਏਅਰਲਾਈਨ ਕੰਪਨੀ ਇਸ ਦਾ ਗ਼ਲਤ ਹਿਸਾਬ ਲਗਾ ਬੈਠੀ ਸੀ, ਜਿਸ ਕਾਰਨ ਆਸਮਾਨ ਵਿਚ ਹੀ ਜਹਾਜ਼ ਦਾ ਬਾਲਣ ਖ਼ਤਮ ਹੋ ਗਿਆ। ਇਸ ਮਗਰੋਂ ਪਾਇਲਟ, ਕਰੂ ਮੈਂਬਰ ਸਮੇਤ ਸਾਰੇ ਯਾਤਰੀਆਂ ਦੇ ਪਸੀਨੇ ਛੁੱਟ ਗਏ। ਨਤੀਜਾ ਇਹ ਹੋਇਆ ਕਿ ਹਫੜਾ-ਦਫੜੀ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮਾਮਲਾ 20 ਜੁਲਾਈ ਦਾ ਹੈ ਅਤੇ ਫਲਾਈਟ Lanzarote ਤੋਂ ਡਬਲਿਨ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਪੰਜਾਬ ਦੀ ਧੀ ਨੇ 8 ਭਾਸ਼ਾਵਾਂ 'ਚ ਕੀਤਾ ਟਾਪ, ਵਧਾਇਆ ਦੇਸ਼ ਦਾ ਮਾਣ 

'ਦਿ ਮਿਰਰ' ਦੇ ਮੁਤਾਬਕ Aer Lingus ਜੈੱਟ ਦੇ ਯਾਤਰੀਆਂ ਦੇ ਹੋਸ਼ ਉਦੋਂ ਉੱਡ ਗਏ, ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਜਹਾਜ਼ ਦਾ ਬਾਲਣ ਲਗਭਗ ਖ਼ਤਮ ਹੋ ਚੁੱਕਾ ਹੈ। ਇਹ ਸੁਣਦੇ ਹੀ ਅਚਾਨਕ ਜਹਾਜ਼ ਵਿਚ ਹਫੜਾ-ਦਫੜਾ ਮਚ ਗਈ ਪਰ ਪਾਇਲਟ ਦੇ ਸਮਝਾਉਣ 'ਤੇ ਯਾਤਰੀ ਕੰਟਰੋਲ ਵਿਚ ਆਏ। ਉਹਨਾਂ ਨੇ ਤੁਰੰਤ ਟ੍ਰੈਫਿਕ ਕੰਟਰੋਲਰ ਨਾਲ ਗੱਲ ਕਰ ਕੇ Shannon ਹਵਾਈ ਅੱਡੇ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ।

ਚੰਗੀ ਗੱਲ ਇਹ ਰਹੀ ਕਿ ਹਵਾਈ ਅੱਡੇ ਜਾਣ ਤੱਕ ਦਾ ਬਾਲਣ ਜਹਾਜ਼ ਵਿਚ ਬਚਿਆ ਹੋਇਆ ਸੀ ਅਤੇ ਰਨਵੇਅ ਵੀ ਖਾਲੀ ਸੀ। ਨਹੀਂ ਤਾਂ ਵੱਡੀ ਅਣਹੋਣੀ ਵਾਪਰ ਸਕਦੀ ਸੀ। ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ। ਜਹਾਜ਼ ਤੋਂ ਉਤਰੇ ਇਕ ਯਾਤਰੀ ਨੇ ਦੱਸਿਆ ਕਿ ਇਹ  ਕਾਫੀ ਡਰਾਉਣਾ ਅਨੁਭਵ ਸੀ। ਸਾਰੇ ਯਾਤਰੀ ਡਰ ਗਏ ਸਨ। ਕਰੂ ਮੈਂਬਰ ਵੀ ਚਿੰਤਾ ਵਿਚ ਸਨ। ਇਕ ਹੋਰ ਯਾਤਰੀ ਨੇ ਕਿਹਾ ਕਿ ਜਹਾਜ਼ ਦਾ ਬਾਲਣ ਖ਼ਤਮ ਹੋ ਗਿਆ ਸੀ। ਇਹ ਗੱਲ ਮੈਨੂੰ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਪਤਾ ਲੱਗੀ।ਉੱਥੇ ਕਈ ਯਾਤਰੀਆਂ ਨੇ ਏਅਰਲਾਈਨ ਕੰਪਨੀ ਦੀ ਆਲੋਚਨਾ ਕੀਤੀ।
 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News