ਈਰਾਨ 'ਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ, 21 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

06/08/2022 3:14:50 PM

ਤਹਿਰਾਨ (ਭਾਸ਼ਾ)- ਪੂਰਬੀ ਈਰਾਨ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਰੇਲ ਹਾਦਸੇ ਸਬੰਧੀ ਵਿਸਤ੍ਰਿਤ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਟਰੇਨ 'ਚ ਕਥਿਤ ਤੌਰ 'ਤੇ 350 ਲੋਕ ਸਵਾਰ ਸਨ, ਹਾਲਾਂਕਿ ਯਾਤਰੀਆਂ ਦੀ ਸਹੀ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਇਤਿਹਾਸ 'ਚ ਪਹਿਲੀ ਵਾਰ, ਸਿਰਫ 6 ਮਹੀਨੇ 'ਚ ਦਵਾਈ ਨਾਲ ਪੂਰੀ ਤਰ੍ਹਾਂ ਠੀਕ ਹੋਇਆ 'ਕੈਂਸਰ'

ਰਿਪੋਰਟਾਂ ਮੁਤਾਬਕ ਤੜਕੇ ਤਬਾਸ ਸ਼ਹਿਰ ਦੇ ਨੇੜੇ ਟਰੇਨ ਦੇ ਸੱਤ ਵਿੱਚੋਂ ਚਾਰ ਡੱਬੇ ਪਟੜੀ ਤੋਂ ਉਤਰ ਗਏ। ਤਾਬਾਸ ਰਾਜਧਾਨੀ ਤਹਿਰਾਨ ਤੋਂ ਲਗਭਗ 550 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਂਬੂਲੈਂਸਾਂ ਅਤੇ ਤਿੰਨ ਹੈਲੀਕਾਪਟਰਾਂ ਨਾਲ ਬਚਾਅ ਦਲ ਦੂਰ-ਦੁਰਾਡੇ ਦੇ ਖੇਤਰ ਵਿੱਚ ਪਹੁੰਚ ਗਏ ਹਨ। 12 ਤੋਂ ਵੱਧ ਲੋਕ ਗੰਭੀਰ ਜ਼ਖਮੀ ਹਨ। ਕੁਝ ਲੋਕਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਈਰਾਨੀ ਮੀਡੀਆ ਨੇ ਤਾਬਾਸ ਦੇ ਗਵਰਨਰ ਅਲੀ ਅਕਬਰ ਰਹੀਮੀ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ 'ਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਬਚਾਅ ਟੀਮਾਂ ਅਜੇ ਵੀ ਦੁਰਘਟਨਾਗ੍ਰਸਤ ਡੱਬਿਆਂ 'ਚ ਸਵਾਰ ਯਾਤਰੀਆਂ ਦੀ ਭਾਲ ਕਰ ਰਹੀਆਂ ਹਨ। 

ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2004 ਵਿੱਚ ਈਰਾਨ ਵਿੱਚ ਇੱਕ ਭਿਆਨਕ ਰੇਲ ਹਾਦਸਾ ਹੋਇਆ ਸੀ ਜਿਸ ਵਿੱਚ ਤੇਲ, ਖਾਦ, ਗੰਧਕ ਅਤੇ ਕਪਾਹ ਲੈ ਕੇ ਜਾ ਰਹੀ ਇੱਕ ਰੇਲਗੱਡੀ ਨੇਸ਼ਾਬੁਰ ਨੇੜੇ ਹਾਦਸਾਗ੍ਰਸਤ ਹੋ ਗਈ ਸੀ। ਉਸ ਵਿਚ ਲਗਭਗ 320 ਲੋਕ ਮਾਰੇ ਗਏ ਅਤੇ 460 ਹੋਰ ਜ਼ਖਮੀ ਹੋ ਗਏ ਸਨ। ਇਸ ਦੇ ਨਾਲ ਹੀ ਪੰਜ ਪਿੰਡਾਂ ਨੂੰ ਭਾਰੀ ਨੁਕਸਾਨ ਹੋਇਆ ਸੀ।।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News