ਲੰਡਨ ''ਚ ਕਈ ਸਾਲ ਬਾਅਦ ਜੰਮਿਆ ਥੇਮਜ਼ ਨਦੀ ਦਾ ਪਾਣੀ, ਠੰਡ ਨੇ ਤੋੜੇ ਰਿਕਾਰਡ

Saturday, Feb 13, 2021 - 01:55 PM (IST)

ਲੰਡਨ ''ਚ ਕਈ ਸਾਲ ਬਾਅਦ ਜੰਮਿਆ ਥੇਮਜ਼ ਨਦੀ ਦਾ ਪਾਣੀ, ਠੰਡ ਨੇ ਤੋੜੇ ਰਿਕਾਰਡ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਇਸ ਸਾਲ ਭਾਰੀ ਬਰਫਬਾਰੀ ਅਤੇ ਵੱਡੇ ਪੱਧਰ 'ਤੇ ਤਾਪਮਾਨ ਵਿਚ ਗਿਰਾਵਟ ਦਰਜ ਕਰ ਰਿਹਾ ਹੈ। ਇਸ ਘੱਟ ਤਾਪਮਾਨ ਦੇ ਚੱਲਦਿਆਂ ਲੰਡਨ ਵਿਚਲੀ ਥੇਮਜ਼ ਨਦੀ ਦਾ ਇਕ ਵੱਡਾ ਹਿੱਸਾ ਜੰਮ ਕੇ ਬਰਫ ਵਿਚ ਤਬਦੀਲ ਹੋਇਆ ਹੈ ਜੋ ਕਿ ਸਥਾਨਕ ਲੋਕਾਂ ਅਨੁਸਾਰ ਦਹਾਕਿਆਂ ਬਾਅਦ ਪਹਿਲੀ ਵਾਰ ਹੋਇਆ ਹੈ। ਦੇਸ਼ ਭਰ ਵਿੱਚ ਬਰਫੀਲੇ ਤੂਫ਼ਾਨ ਡੇਰਸੀ ਦੀ ਆਮਦ ਨਾਲ ਲੰਡਨ ਵਿਚ ਤਾਪਮਾਨ -2 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ।

ਇਸ ਦੇ ਇਲਾਵਾ ਬਾਲਟਿਕ ਖੇਤਰਾਂ ਤੋਂ ਆਈ ਕੜਕਦੀ ਠੰਡ ਦੇ ਸਿੱਟੇ ਵਜੋਂ ਥੇਮਜ਼ ਦਾ ਇਕ ਹਿੱਸਾ ਦੱਖਣੀ-ਪੱਛਮੀ ਲੰਡਨ ਦੇ ਟੇਡਿੰਗਟਨ ਵਿਚ ਜੰਮਿਆ ਹੋਇਆ ਪਾਇਆ ਗਿਆ ਹੈ। ਇਸ ਸਾਲ ਯੂ. ਕੇ. ਨੇ ਤਕਰੀਬਨ 25 ਸਾਲਾਂ ਦੌਰਾਨ ਫਰਵਰੀ ਦੀ ਸਭ ਤੋਂ ਠੰਡੀ ਰਾਤ ਦਾ ਅਨੁਭਵ ਕੀਤਾ ਹੈ, ਜਿੱਥੇ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿਚ ਤਾਪਮਾਨ -20 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਹੋਇਆ ਹੈ। ਭਾਰੀ ਬਰਫਬਾਰੀ ਕਾਰਨ ਰਾਜਧਾਨੀ ਅਤੇ ਦੱਖਣ ਪੂਰਬ ਵਿਚ, ਰੇਲ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ।

 
ਥੇਮਜ਼ ਨਦੀ ਦੇ ਇਸ ਦੁਰਲੱਭ ਦ੍ਰਿਸ਼ ਨੂੰ ਸਥਾਨਕ ਆਰ. ਐੱਨ. ਐੱਲ. ਆਈ. ਦਲ ਦੀ ਇਕ ਮੈਂਬਰ ਵਲੋਂ ਸਵੇਰੇ 10 ਵਜੇ ਕੈਮਰੇ ਵਿਚ ਵੀ ਕੈਦ ਗਿਆ ਹੈ। ਇਸ ਮੈਂਬਰ ਅਨੁਸਾਰ ਉਸ ਦੀ ਖੇਤਰ ਵਿਚ 13 ਸਾਲਾ ਦੀ ਰਿਹਾਇਸ ਦੌਰਾਨ ਉਸ ਨੇ ਨਦੀ ਦੇ ਇਸ ਹਿੱਸੇ ਨੂੰ ਜੰਮਿਆ ਨਹੀਂ ਵੇਖਿਆ।

ਇਸ ਤੋਂ ਪਹਿਲਾਂ ਥੇਮਜ਼ ਪਿਛਲੇ ਸਮੇਂ ਵਿਚ ਆਖਰੀ ਵਾਰ ਜਨਵਰੀ 1963 ਵਿਚ ਪੂਰੀ ਤਰ੍ਹਾਂ ਜੰਮੀ ਸੀ, ਜਿਸ ਸਮੇਂ ਬਰਫੀਲੇ ਤੂਫ਼ਾਨ ਨਾਲ ਤਾਪਮਾਨ -20 ਸੈਲਸੀਅਸ ਨੇ ਨਦੀ ਨੂੰ ਜਮਾਇਆ ਸੀ। ਇਨ੍ਹੀਂ ਦਿਨੀਂ ਰਾਜਧਾਨੀ ਵਿਚ ਤਾਪਮਾਨ 0 ਡਿਗਰੀ ਸੈਲਸੀਅਸ ਅਤੇ -1 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਉਮੀਦ ਹੈ ਪਰ ਹਵਾ ਦੀ ਠੰਡ ਕਾਰਨ ਤਾਪਮਾਨ -5 ਡਿਗਰੀ ਸੈਲਸੀਅਸ ਵੀ ਹੋ ਸਕਦਾ ਹੈ। ਇਸ ਦੇ ਇਲਾਵਾ ਐਬਰਡੀਨਸ਼ਾਇਰ ਦੇ ਬ੍ਰੈਮਰ ਪਿੰਡ ਵਿਚ ਬੁੱਧਵਾਰ ਦੀ ਰਾਤ ਨੂੰ ਪਾਰਾ 23 ਡਿਗਰੀ ਸੈਲਸੀਅਸ ਹੋ ਗਿਆ ਸੀ ਅਤੇ ਇਹ 1995 ਤੋਂ ਯੂ. ਕੇ. ਵਿਚ ਸਭ ਤੋਂ ਠੰਡਾ ਤਾਪਮਾਨ ਨੋਟ ਕੀਤਾ ਗਿਆ ਹੈ।


author

Lalita Mam

Content Editor

Related News