ਪੱਪੀ ਭਦੌੜ ਤੇ ਦਿਲਪ੍ਰੀਤ ਦਾ ਗੀਤ ''ਛੱਡਦੇ ਟਰੱਕ ਹਾਣੀਆਂ'' ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼

Monday, Jun 22, 2026 - 07:50 AM (IST)

ਪੱਪੀ ਭਦੌੜ ਤੇ ਦਿਲਪ੍ਰੀਤ ਦਾ ਗੀਤ ''ਛੱਡਦੇ ਟਰੱਕ ਹਾਣੀਆਂ'' ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਹੋਰ ਨਵਾਂ ਕਦਮ ਉਸ ਵੇਲੇ ਸਾਹਮਣੇ ਆਇਆ, ਜਦੋਂ ਗਾਇਕ ਪੱਪੀ ਭਦੌੜ ਅਤੇ ਦਿਲਪ੍ਰੀਤ ਦਾ ਨਵਾਂ ਗੀਤ “ਛੱਡਦੇ ਟਰੱਕ ਹਾਣੀਆਂ” ਵਿਸਟਰਨ ਟਰੱਕਿੰਗ ਦੇ ਮਾਲਕ ਮਿੰਟੂ ਉੱਪਲੀ ਦੇ ਦਫ਼ਤਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਫਰਿਜ਼ਨੋ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕਰਕੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

PunjabKesari

ਸਮਾਗਮ ਦੌਰਾਨ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਗੀਤ ਦੇ ਬੋਲ ਸੁਣਨ ਤੋਂ ਬਾਅਦ ਹਾਜ਼ਰ ਮਹਿਮਾਨਾਂ ਨੇ ਪੱਪੀ ਭਦੌੜ ਅਤੇ ਦਿਲਪ੍ਰੀਤ ਨੂੰ ਨਵੇਂ ਗੀਤ ਲਈ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਸਿੱਧ ਸਾਹਿਤਕ ਰਸਾਲੇ “ਪੰਜਾਬੀਅਤ” ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ ਗਿਆ। ਉੱਘੇ ਸਮਾਜ ਸੇਵੀ ਸੰਤੋਖ ਮਿਨਹਾਸ ਨੇ ਆਪਣੇ ਸੰਬੋਧਨ ਦੌਰਾਨ ਪੱਪੀ ਭਦੌੜ ਅਤੇ ਦਿਲਪ੍ਰੀਤ ਨੂੰ ਵਧਾਈ ਦਿੰਦਿਆਂ ਗੀਤ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਲ ਹੀ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਦੀ ਮਿਹਨਤ, ਦ੍ਰਿੜਤਾ ਅਤੇ ਕੰਮ ਕਰਨ ਦੇ ਵਿਲੱਖਣ ਅੰਦਾਜ਼ ਦੀ ਵੀ ਖੁੱਲ੍ਹ ਕੇ ਸ਼ਲਾਘਾ ਕੀਤੀ।

ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਮਲਜੀਤ ਬੈਨੀਪਾਲ, ਡਾ. ਜੈਪਾਲ ਸਿੱਧੂ, ਬਾਵਾ, ਮੰਨਾ ਸ਼ਿਕਾਰੀ, ਗੁਰਦੀਪ ਧਾਲੀਵਾਲ ਅਤੇ ਰਾਣੀ ਦਿਲਦਾਰ ਗਰੁੱਪ ਸਮੇਤ ਕਈ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਈ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੇ ਅੰਤ ਵਿੱਚ ਪੱਪੀ ਭਦੌੜ ਅਤੇ ਦਿਲਪ੍ਰੀਤ ਨੇ ਆਪਣੇ ਗੀਤਾਂ ਦੀ ਅਜਿਹੀ ਝੜੀ ਲਾਈ ਕਿ ਸਰੋਤੇ ਅਸ਼-ਅਸ਼ ਕਰ ਉੱਠੇ ਅਤੇ ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਪੂਰੇ ਸਮਾਗਮ ਦੌਰਾਨ ਹਰਮੋਨੀਅਮ ਮਾਸਟਰ ਕਮਲਜੀਤ “ਕਮਲ” ਵੀ ਸਟੇਜ ਤੇ ਡਟੇ ਰਹੇ ਤੇ ਆਪਣੀਆਂ ਉਂਗਲਾਂ ਦਾ ਜਾਦੂ ਬਿਖੇਰਦੇ ਰਹੇ।

PunjabKesari

ਸਮਾਗਮ ਦੌਰਾਨ ਚਾਹ-ਪਕੌੜਿਆਂ ਦੇ ਲੰਗਰ ਦੀ ਸੇਵਾ ਜਸਵਿੰਦਰ ਸਿੰਘ “ਨਿਊ ਇੰਡੀਆ ਸਵੀਟਸ” ਵੱਲੋਂ ਕੀਤੀ ਗਈ, ਜਦਕਿ ਰਾਤ ਦੇ ਭੋਜਨ ਦਾ ਵਿਸ਼ੇਸ਼ ਪ੍ਰਬੰਧ ਮਿੰਟੂ ਉੱਪਲੀ ਵੱਲੋਂ ਕੀਤਾ ਗਿਆ। ਇਸ ਗੀਤ ਦੀ ਤਿਆਰੀ ਅਤੇ ਰਿਲੀਜ਼ ਲਈ ਡਾ. ਜੈਪਾਲ ਸਿੱਧੂ ਅਤੇ ਮਹਾਂ ਸਿੰਘ ਦਾ ਵਿਸ਼ੇਸ਼ ਸਹਿਯੋਗ ਵੀ ਰਿਹਾ। ਫਰਿਜ਼ਨੋ ਸ਼ਹਿਰ ਦੀਆਂ ਕਈ ਸਿਰਮੌਰ ਸ਼ਖ਼ਸੀਅਤਾਂ ਦੀ ਹਾਜ਼ਰੀ ਨਾਲ ਸਜਿਆ ਇਹ ਸਮਾਗਮ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਭਾਈਚਾਰਕ ਏਕਤਾ ਦੀ ਸੁੰਦਰ ਮਿਸਾਲ ਬਣਿਆ। ਅਖੀਰ ਵਿੱਚ ਯਾਦਗਾਰੀ ਪਲਾਂ ਅਤੇ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News