''ਕੀ ਰੂਸ ਦਾ ਪਲੇਗ ਬਾਇਓਵੇਪਨ ਹੈ?'': ਡੋਨਾਲਡ ਟਰੰਪ ਬੋਲੇ- ਜਲਦ ਲਗਾਵਾਂਗੇ ਸੱਚਾਈ ਦਾ ਪਤਾ
Thursday, Oct 08, 2026 - 01:24 AM (IST)
ਵਾਸ਼ਿੰਗਟਨ : ਰੂਸ ਦੇ ਸਾਈਬੇਰੀਆ ਸਥਿਤ ਇੱਕ ਐਂਟੀ-ਪਲੇਗ ਰਿਸਰਚ ਇੰਸਟੀਚਿਊਟ ਵਿੱਚ ਕੰਮ ਕਰਨ ਵਾਲੀ 28 ਸਾਲਾ ਮਹਿਲਾ ਲੈਬ ਵਰਕਰ ਦੀ ਮੌਤ ਤੋਂ ਬਾਅਦ ਪਲੇਗ ਦੀ ਬੀਮਾਰੀ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾ ਵਧ ਗਈ ਹੈ। ਇਸ ਮਾਮਲੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਬਾਇਓਵੇਪਨ (ਜੈਵਿਕ ਹਥਿਆਰ) ਹੋਣ ਦੇ ਸਵਾਲ 'ਤੇ ਟਰੰਪ ਨੇ ਕਿਹਾ ਕਿ ਅਮਰੀਕਾ ਜਲਦ ਹੀ ਇਸ ਦੀ ਸੱਚਾਈ ਦਾ ਪਤਾ ਲਗਾ ਲਵੇਗਾ।
ਜਾਣਕਾਰੀ ਅਨੁਸਾਰ 2 ਅਕਤੂਬਰ ਨੂੰ ਮਹਿਲਾ ਵਰਕਰ ਦੀ ਅਣਪਛਾਤੇ ਕਾਰਨਾਂ ਕਰਕੇ ਹੋਏ ਨਿਮੋਨੀਆ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ ਲਗਭਗ 200 ਲੋਕਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ, ਹਾਲਾਂਕਿ ਅਜੇ ਤੱਕ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪਲੇਗ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਇੰਸਟੀਚਿਊਟ ਪਲੇਗ ਵਰਗੀਆਂ ਖਤਰਨਾਕ ਬੀਮਾਰੀਆਂ 'ਤੇ ਖੋਜ ਕਰਨ ਲਈ ਜਾਣਿਆ ਜਾਂਦਾ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਮ ਦੌਰਾਨ ਪਲੇਗ ਬੈਕਟੀਰੀਆ ਦੀ ਟੈਸਟ ਟਿਊਬ ਟੁੱਟਣ ਕਾਰਨ ਮਹਿਲਾ ਉਸ ਦੇ ਸੰਪਰਕ ਵਿੱਚ ਆਈ ਸੀ, ਪਰ ਰੂਸੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਮੌਤ ਦਾ ਕਾਰਨ ਪਲੇਗ ਸਾਬਤ ਹੋਇਆ ਹੈ।
ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਇਹ ਕੋਈ ਬਾਇਓਵੇਪਨ ਹੈ, ਤਾਂ ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੂੰ ਅਜਿਹਾ ਨਹੀਂ ਲੱਗਦਾ ਕਿ ਇਹ ਬਾਇਓਵੇਪਨ ਨਾਲ ਜੁੜਿਆ ਮਾਮਲਾ ਹੈ। ਟਰੰਪ ਅਨੁਸਾਰ ਜੇਕਰ ਰੂਸ ਦੀ ਗੱਲ ਸੁਣੀ ਜਾਵੇ ਤਾਂ ਸਥਿਤੀ ਕੰਟਰੋਲ ਵਿੱਚ ਹੈ, ਪਰ ਫਿਰ ਵੀ ਅਮਰੀਕਾ ਇਸ ਦੀ ਜਾਂਚ ਕਰਕੇ ਜਲਦ ਹੀ ਸੱਚਾਈ ਦਾ ਪਤਾ ਲਗਾਵੇਗਾ।
