''ਗਰੀਬ ਨੂੰ ਹੋਰ ਗਰੀਬ ਕੀਤਾ ਜਾ ਰਿਹੈ!'' ਆਮ ਲੋਕਾਂ ''ਤੇ ਪਈ ਮਹਿੰਗਾਈ ਦੀ ਮਾਰ, ਸਰਕਾਰ ਨੂੰ ਕੋਸ ਰਹੇ ਪਾਕਿਸਤਾਨੀ
Saturday, Apr 04, 2026 - 05:40 PM (IST)
ਇਸਲਾਮਾਬਾਦ : ਪੱਛਮੀ ਏਸ਼ੀਆ 'ਚ ਵਧਦੇ ਤਣਾਅ ਤੇ ਅਮਰੀਕਾ-ਈਰਾਨ ਜੰਗ ਦੇ ਪ੍ਰਭਾਵ ਕਾਰਨ ਪਾਕਿਸਤਾਨ ਦੀ ਜਨਤਾ 'ਤੇ ਮਹਿੰਗਾਈ ਦਾ ਵੱਡਾ ਬੰਬ ਫੁੱਟਿਆ ਹੈ। ਪਾਕਿਸਤਾਨ ਸਰਕਾਰ ਨੇ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਦਿੱਤਾ ਹੈ। ਸਰੋਤਾਂ ਅਨੁਸਾਰ, ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਡੀਜ਼ਲ ਦੀ ਕੀਮਤ 54.9 ਫੀਸਦੀ ਵਧ ਕੇ 520.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਪੈਟਰੋਲ ਦੀ ਕੀਮਤ 42.7 ਫੀਸਦੀ ਦੇ ਵਾਧੇ ਨਾਲ 458.40 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਕੌਮਾਂਤਰੀ ਬਾਜ਼ਾਰ ਦਾ ਹਵਾਲਾ
ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਰੀਕਾ-ਈਰਾਨ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਕਾਬੂ ਤੋਂ ਬਾਹਰ ਹੋ ਗਈਆਂ ਹਨ, ਜਿਸ ਕਾਰਨ ਦੇਸ਼ ਵਿੱਚ ਕੀਮਤਾਂ ਵਧਾਉਣਾ ਸਰਕਾਰ ਦੀ ਮਜਬੂਰੀ ਸੀ। ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰ ਹੁਣ ਸਾਰਿਆਂ ਨੂੰ ਸਬਸਿਡੀ ਦੇਣ ਦੀ ਹਾਲਤ ਵਿੱਚ ਨਹੀਂ ਹੈ ਕਿਉਂਕਿ ਪਿਛਲੇ ਤਿੰਨ ਹਫ਼ਤਿਆਂ ਵਿੱਚ ਪਹਿਲਾਂ ਹੀ 129 ਅਰਬ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ।
Pakistan 'ਚ ਤੇਲ ਦੇ ਵਾਧੇ 'ਤੇ ਫੁੱਟਿਆ Public ਦਾ ਗੁੱਸਾ, ਸੁਣੋ Lahore ਦੇ ਲੋਕਾਂ ਦਾ ਦਰਦ#PakistanInflation #PetrolPriceHike #PublicAnger #LahoreReactions #EconomicCrisis #CommonManStruggle #MiddleEastWarImpact #PakistanEconomy #BreakingNews #FuelPrice #Jagbani pic.twitter.com/lBCy6gSAI3
— JagBani (@JagbaniOnline) April 4, 2026
ਗਰੀਬਾਂ 'ਤੇ ਵਧਿਆ ਬੋਝ
ਇਸ ਫੈਸਲੇ ਨਾਲ ਆਮ ਲੋਕਾਂ, ਖਾਸ ਕਰਕੇ ਘੱਟ ਆਮਦਨ ਵਾਲੇ ਵਰਗ 'ਤੇ ਭਾਰੀ ਬੋਝ ਪਿਆ ਹੈ। ਸਰੋਤਾਂ ਮੁਤਾਬਕ, 20,000 ਤੋਂ 25,000 ਰੁਪਏ ਮਹੀਨਾ ਕਮਾਉਣ ਵਾਲੇ ਲੋਕਾਂ ਲਈ ਆਪਣੇ ਮੋਟਰਸਾਈਕਲ ਚਲਾਉਣਾ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗ ਦੇ ਬਹਾਨੇ ਸਰਕਾਰ ਨੇ ਗਰੀਬਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਹੁਣ ਗਰੀਬ ਬੰਦਾ ਦੱਸੋ ਕੀ ਕਰੇ। ਇਥੇ ਅਮੀਰ ਨੂੰ ਹੋਰ ਅਮੀਰ ਤੇ ਗਰੀਬ ਨੂੰ ਹੋਰ ਗਰੀਬ ਕੀਤਾ ਜਾ ਰਿਹਾ।
ਵਧਦੀ ਮਹਿੰਗਾਈ ਦੇ ਮੱਦੇਨਜ਼ਰ, ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕੁਝ ਖਾਸ ਵਰਗਾਂ ਲਈ ਸਬਸਿਡੀਆਂ ਦਾ ਐਲਾਨ ਕੀਤਾ ਹੈ। ਇਹ ਸਬਸਿਡੀਆਂ ਛੋਟੇ ਕਿਸਾਨਾਂ, ਮੋਟਰਸਾਈਕਲ ਚਾਲਕਾਂ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਲਈ ਦਿੱਤੀਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ।
ਦੱਸਣਯੋਗ ਹੈ ਕਿ ਪਾਕਿਸਤਾਨ ਆਪਣੀ ਲੋੜ ਦਾ ਜ਼ਿਆਦਾਤਰ ਤੇਲ ਸਾਊਦੀ ਅਰਬ ਅਤੇ ਯੂ.ਏ.ਈ. ਵਰਗੇ ਦੇਸ਼ਾਂ ਤੋਂ ਆਯਾਤ ਕਰਦਾ ਹੈ, ਜਿਸ ਦਾ ਰਸਤਾ ਜੰਗ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਵਿਸ਼ਵ ਪੱਧਰ 'ਤੇ ਵੀ ਤੇਲ ਦੀਆਂ ਕੀਮਤਾਂ 'ਚ 7 ਫੀਸਦੀ ਤੋਂ 11 ਫੀਸਦੀ ਤੱਕ ਦਾ ਉਛਾਲ ਦੇਖਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
