ਪਾਕਿ ''ਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ! ਧੱਕੇ ਨਾਲ ਕਰਵਾਇਆ ਜਾ ਰਿਹੈ ਵਿਆਹ

Wednesday, Apr 29, 2026 - 10:10 AM (IST)

ਪਾਕਿ ''ਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ! ਧੱਕੇ ਨਾਲ ਕਰਵਾਇਆ ਜਾ ਰਿਹੈ ਵਿਆਹ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਪਾਕਿਸਤਾਨ ’ਚ ਹਿੰਦੂ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਅੱਤਿਆਚਾਰਾਂ ਦੀਆਂ ਰਿਪੋਰਟਾਂ ਨਵੀਆਂ ਨਹੀਂ ਹਨ। ਸਿੰਧ ਸੂਬੇ ’ਚ 3 ਨਾਬਾਲਿਗ ਹਿੰਦੂ ਕੁੜੀਆਂ ਦਾ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਹੋਣਾ ਹੁਣ ਆਮ ਗੱਲ ਹੋ ਗਈ ਹੈ। ਇਨ੍ਹਾਂ ਕੁੜੀਆਂ ਦੇ ਨਾਮ ਬਦਲ ਦਿੱਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਦਾ ਵਿਆਹ ਮੁਸਲਿਮ ਨੌਜਵਾਨਾਂ ਜਾਂ ਵੱਡੀ ਉਮਰ ਦੇ ਮਰਦਾਂ ਨਾਲ ਕਰ ਦਿੱਤਾ ਜਾਂਦਾ ਹੈ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸਿੰਧ ਦੇ ਟੰਡੋ ਅੱਲ੍ਹਾਯਾਰ ਜ਼ਿਲੇ ’ਚ ਸਿਰਫ਼ ਇਕ ਨਹੀਂ, ਸਗੋਂ 3 ਮਾਮਲੇ ਸਾਹਮਣੇ ਆਏ ਹਨ, ਜਿਥੇ ਕੁੜੀਆਂ ਦੇ ਪਰਿਵਾਰਾਂ ਨੇ ਐੱਫ. ਆਈ. ਆਰ. ਦਰਜ ਕਰਵਾਈ ਹੈ। ਜ਼ਿਲੇ ਦੇ ਸੁਲਤਾਨਾਬਾਦ ਪੁਲਸ ਸਟੇਸ਼ਨ ’ਚ ਦਰਜ 3 ਵੱਖ-ਵੱਖ ਸ਼ਿਕਾਇਤਾਂ ਅਨੁਸਾਰ, ਕੁੜੀਆਂ ਨੂੰ ਵੱਖ-ਵੱਖ ਇਲਾਕਿਆਂ ਤੋਂ ਅਗਵਾ ਕਰ ਕੇ ਜ਼ਬਰਦਸਤੀ ਨਿਕਾਹ ਕਰਵਾਇਆ ਗਿਆ। ਇਹ ਤਿੰਨੋਂ ਕੁੜੀਆਂ ਨਾਬਾਲਿਗ ਦੱਸੀਆਂ ਜਾ ਰਹੀਆਂ ਹਨ। ਖੇਂਚੀ ਕੋਲੀ, ਲਤਾ ਮੇਘਵਧ ਅਤੇ ਮੀਨਾ ਮੇਘਵਧ ਨੂੰ ਅਗਵਾ ਕਰਨ ਤੋਂ ਬਾਅਦ ਉਸੇ ਦਿਨ ਧਰਮ ਪਰਿਵਰਤਨ ਕਰਵਾ ਕੇ ਵਿਆਹ ਦਿੱਤਾ ਗਿਆ।

ਸਿੰਧ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਇਕਬਾਲ ਅਹਿਮਦ ਦੇਥੋ ਨੇ ਜ਼ਿਲਾ ਐੱਸ.ਐੱਸ.ਪੀ. ਨੂੰ ਪੱਤਰ ਲਿਖ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਕੁੜੀਆਂ ਦੀ ਉਮਰ ਦੀ ਸਹੀ ਪੜਤਾਲ ਕੀਤੀ ਜਾਵੇ। ਜੇਕਰ ਉਹ ਨਾਬਾਲਿਗ ਸਾਬਤ ਹੁੰਦੀਆਂ ਹਨ, ਤਾਂ ਇਨ੍ਹਾਂ ਵਿਆਹਾਂ ਨੂੰ ‘ਸਿੰਧ ਬਾਲ ਵਿਆਹ ਰੋਕੂ ਐਕਟ-2013’ ਦੇ ਤਹਿਤ ਗੈਰ-ਕਾਨੂੰਨੀ ਐਲਾਨ ਕੇ ਕਾਰਵਾਈ ਕੀਤੀ ਜਾਵੇ।


author

Harpreet SIngh

Content Editor

Related News