ਪਾਕਿਸਤਾਨੀ ਟੀ.ਵੀ. ਐਂਕਰਾਂ ''ਤੇ ਪੀ.ਈ.ਐਮ.ਆਰ.ਏ. ਦੀ ਸਖ਼ਤੀ, ਦਿੱਤੀਆਂ ਹਦਾਇਤਾਂ

10/28/2019 11:48:36 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਅਥਾਰਟੀ ਵਲੋਂ ਟੀ.ਵੀ. ਐਂਕਰਾਂ 'ਤੇ ਸਖ਼ਤੀ ਵਰਤਦਿਆਂ 'ਟਾਕ ਸ਼ੋਅ' ਦੌਰਾਨ ਆਪਣੀ ਰਾਏ ਦੇਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਸਿਰਫ ਆਪਣੀ ਭੂਮਿਕਾ ਸੰਚਾਲਨ ਕਰਨ ਤੱਕ ਹੀ ਸੀਮਤ ਰੱਖਣ। ਸੋਮਵਾਰ ਨੂੰ ਇਸ ਸਬੰਧੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਗਈ। ਡਾਨ ਅਖਬਾਰ ਮੁਤਾਬਕ ਇਹ ਹੁਕਮ ਐਤਵਾਰ ਨੂੰ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰ ਅਥਾਰਟੀ ਨੇ ਉਨ੍ਹਾਂ ਐਂਕਰਾਂ ਨੂੰ ਇਹ ਹੁਕਮ ਜਾਰੀ ਕੀਤੇ ਹਨ, ਜਿਹੜੇ ਦੂਜੇ ਚੈਨਲਾਂ ਦੇ ਟਾਕ ਸ਼ੋਅ ਵਿਚ ਮਾਹਰਾਂ ਵਜੋਂ ਪੇਸ਼ ਹੁੰਦੇ ਹਨ। ਪੀ.ਈ.ਐਮ.ਆਰ.ਏ. ਦੀ ਚੋਣ ਜ਼ਾਬਤਾ ਮੁਤਾਬਕ ਐਂਕਰ ਦੀ ਭੂਮਿਕਾ ਪ੍ਰੋਗਰਾਮ ਦਾ ਸੰਚਾਲਨ ਨਿਰਪੱਖ ਅਤੇ ਬਿਨਾਂ ਭੇਦਭਾਵ ਦੇ ਕਰਨ ਦੀ ਹੈ ਅਤੇ ਉਨ੍ਹਾਂ ਨੂੰ ਕਿਸੇ ਦੇ ਮੁੱਦੇ 'ਤੇ ਵਿਅਕਤੀਗਤ ਰਾਏ, ਪੱਖਪਾਤ ਜਾਂ ਫੈਸਲਾ ਦੇਣ ਤੋਂ ਖੁਦ ਨੂੰ ਵੱਖ ਰੱਖਣਾ ਹੈ।

ਖਬਰ ਵਿਚ ਹੁਕਮ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ, ਇਸ ਲਈ ਨਿਯਮਿਤ ਤੌਰ ਨਾਲ ਖਾਸ ਸ਼ੋਅ ਦਾ ਸੰਚਾਲਨ ਕਰਨ ਵਾਲੇ ਐਂਕਰਾਂ ਨੂੰ ਆਪਣੇ ਜਾਂ ਕਿਸੇ ਦੂਜੇ ਚੈਨਲ ਦੇ ਟਾਕ ਸ਼ੋਅ ਵਿਚ ਬਤੌਰ ਵਿਸ਼ੇ ਮਾਹਰ ਪੇਸ਼ ਨਹੀਂ ਹੋਣਾ ਚਾਹੀਦਾ। ਰੈਗੂਲੇਟਰੀ ਬਾਡੀ ਨੇ ਮੀਡੀਆ ਘਰਾਣਿਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਟਾਕ ਸ਼ੋਅ ਲਈ ਮਹਿਮਾਨਾਂ ਦੀ ਚੋਣ ਬਹੁਤ ਹੀ ਸਾਵਧਾਨੀ ਨਾਲ ਕਰਨ ਅਤੇ ਅਜਿਹਾ ਕਰਨ ਦੌਰਾਨ ਉਸ ਖਾਸ ਵਿਸ਼ੇ 'ਤੇ ਉਨ੍ਹਾਂ ਦੇ ਗਿਆਨ ਅਤੇ ਮਾਹਰਤਾ ਨੂੰ ਵੀ ਧਿਆਨ ਵਿਚ ਰੱਖਣ। ਖਬਰ ਵਿਚ ਦੱਸਿਆ ਗਿਆ ਹੈ ਕਿ ਹਾਈਕੋਰਟ ਵਲੋਂ 26 ਅਕਤੂਬਰ ਨੂੰ ਦਿੱਤੇ ਗਏ ਇਕ ਹੁਕਮ ਤੋਂ ਬਾਅਦ ਸਾਰੇ ਸੈਟੇਲਾਈਟ ਟੀ.ਵੀ. ਚੈਨਲਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ। ਅਦਾਲਤ ਨੇ ਸ਼ਾਹਬਾਜ਼ ਸ਼ਰੀਫ ਬਨਾਮ ਸਰਕਾਰ ਦੇ ਮਾਮਲੇ ਵਿਚ ਵੱਖ-ਵੱਖ ਟੀ.ਵੀ. ਟਾਕ ਸ਼ੋਅ 'ਤੇ ਨੋਟਿਸ ਲਿਆ, ਜਿਥੇ ਐਂਕਰਾਂ ਨੇ ਚੋਣ ਜ਼ਾਬਤਾ ਦੀ ਉਲੰਘਣਾ ਕਰਦੇ ਹੋਏ ਜਸਟਿਸ ਅਤੇ ਉਸ ਦੇ ਫੈਸਲਿਆਂ ਦੀ ਛਵੀ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ।


Sunny Mehra

Content Editor

Related News