ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੰਧਕਾਂ ਨੂੰ ਮੁਕਤ ਕਰਵਾਉਣ ਲਈ ਮੁਹਿੰਮ ਕੀਤੀ ਸ਼ੁਰੂ

12/20/2022 6:03:07 PM

ਪੇਸ਼ਾਵਰ (ਭਾਸ਼ਾ)– ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ’ਚ ਦੋ ਦਿਨ ਪਹਿਲਾਂ ਅੱਤਵਾਦ-ਰੋਕੂ ਕੇਂਦਰ ’ਚ ਕੁਝ ਲੋਕਾਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ ’ਚ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਖਦੇੜਨ ਲਈ ਮੰਗਲਵਾਰ ਨੂੰ ਮੁਹਿੰਮ ਸ਼ੁਰੂ ਕੀਤੀ। ਅੱਤਵਾਦ-ਰੋਕੂ ਵਿਭਾਗ (ਸੀ. ਟੀ. ਡੀ.) ਨੇ ਐਤਵਾਰ ਨੂੰ ਕੁਝ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਤੋਂ ਪੁਲਸ ਥਾਣੇ ’ਚ ਪੁੱਛਗਿੱਛ ਕੀਤੀ ਜਾ ਰਹੀ ਸੀ। ਉਦੋਂ ਇਨ੍ਹਾਂ ’ਚੋਂ ਇਕ ਅੱਤਵਾਦੀ ਨੇ ਐਤਵਾਰ ਨੂੰ ਪੁਲਸ ਮੁਲਾਜ਼ਮ ਤੋਂ ਏ. ਕੇ.-47 ਰਾਈਫਲ ਖੋਹ ਲਈ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਕਤ ਅੱਤਵਾਦੀ ਨੇ ਇਮਾਰਤ ’ਚ ਰੱਖੇ ਗਏ ਹੋਰ ਅੱਤਵਾਦੀਆਂ ਨੂੰ ਮੁਕਤ ਕਰਵਾਇਆ ਤੇ ਉਨ੍ਹਾਂ ਨੇ ਸੈਂਟਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਉਨ੍ਹਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਮੀਡੀਆ ’ਚ ਆਈਆਂ ਖ਼ਬਰਾਂ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਬਨੂੰ ਸੀ. ਟੀ. ਡੀ. ਪੁਲਸ ਥਾਣੇ ਤੋਂ ਬੰਧਕਾਂ ਨੂੰ ਰਿਹਾਅ ਕਰਵਾਉਣ ਲਈ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ‘ਡਾਅਨ’ ਅਖ਼ਬਾਰ ਮੁਤਾਬਕ, ‘‘ਮੰਗਲਵਾਰ ਨੂੰ ਟੀ. ਵੀ. ’ਤੇ ਪ੍ਰਸਾਰਿਤ ਫੁਟੇਜ ’ਚ ਸੀ. ਟੀ. ਡੀ. ਸੈਂਟਰ ਤੋਂ ਧੂਏਂ ਦਾ ਗੁਬਾਰ ਉਠਦਾ ਦਿਸਿਆ। ਇਹ ਸਪੱਸ਼ਟ ਨਹੀਂ ਹੈ ਕਿ ਬੰਧਕਾਂ ਜਾਂ ਤਾਲੀਬਾਨ ਅੱਤਵਾਦੀਆਂ ਨਾਲ ਕੀ ਹੋਇਆ। ਪਾਕਿਸਤਾਨ ਦੀ ਸੰਘੀ ਸਰਕਾਰ ਤੇ ਤਾਲੀਬਾਨ ਅੱਤਵਾਦੀਆਂ ਵਿਚਾਲੇ ਦੂਜੇ ਦਿਨ ਵੀ ਗੱਲਬਾਤ ’ਚ ਕੋਈ ਸਫਲਤਾ ਨਾ ਮਿਲਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : 121 ਸਾਲ ਦੀ ਉਮਰ 'ਚ ਇਹ ਬਜ਼ੁਰਗ ਬਣਾ ਲੈਂਦਾ ਹੈ ਖਾਣਾ, ਜਾਣੋ ਲੰਬੀ ਉਮਰ ਦਾ ਰਾਜ਼

ਬਨੂੰ ’ਚ ਮੰਗਲਵਾਰ ਨੂੰ ਹਾਲਾਤ ਤਣਾਅਪੂਰਨ ਹਨ ਕਿਉਂਕਿ ਪੁਲਸ ਤੇ ਸੁਰੱਖਿਆ ਏਜੰਸੀਆਂ ਨੇ ਚਾਰੇ ਪਾਸੇ ਛਾਊਣੀ ਇਲਾਕੇ ਦੀ ਘੇਰਾਬੰਦੀ ਕਰ ਰੱਖੀ ਹੈ, ਜਿਥੇ ਇਹ ਕੇਂਦਰ ਸਥਿਤ ਹੈ। ਇਲਾਕੇ ਦੇ ਵਸਨੀਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਵਿਰੋਧ ਤੀਜੇ ਦਿਨ ਵੀ ਜਾਰੀ ਰਹਿਣ ਦੇ ਮੱਦੇਨਜ਼ਰ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਤੇ ਬਨੂੰ ਜ਼ਿਲੇ ’ਚ ਸਾਰੇ ਸਕੂਲ ਤੇ ਕਾਲਜ ਬੰਦ ਹਨ। ਇਲਾਕੇ ’ਚ ਮੋਬਾਇਲ ਫੋਨ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਇਕ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਕਿਹਾ ਕਿ ਸੀ. ਟੀ. ਡੀ. ਪੁਲਸ ਥਾਣੇ ’ਚ ਕੈਦੀਆਂ ਨਾਲ ਸੁਰੱਖਿਆ ਅਧਿਕਾਰੀਆਂ ਦੇ ਗੈਰ-ਮਨੁੱਖੀ ਵਤੀਰੇ ਕਾਰਨ ਇਹ ਕਦਮ ਚੁੱਕਿਆ ਗਿਆ। ਟੀ. ਟੀ. ਪੀ. ਨੇ ਜੂਨ ਮਹੀਨੇ ’ਚ ਸੰਘੀ ਸਰਕਾਰ ਨਾਲ ਹੋਏ ਸੰਘਰਸ਼ ਰੋਕ ਸਮਝੌਤੇ ਨੂੰ ਰੱਦ ਕਰ ਦਿੱਤਾ ਤੇ ਆਪਣੇ ਅੱਤਵਾਦੀਆਂ ਨੂੰ ਦੇਸ਼ ਭਰ ’ਚ ਅੱਤਵਾਦੀ ਹਮਲੇ ਕਰਨ ਦਾ ਹੁਕਮ ਦਿੱਤਾ।

ਇਸ ਵਿਚਾਲੇ ਦੇਰ ਰਾਤ ਖੈਬਰ ਪਖਤੂਨਖਵਾ ਸੂਬੇ ’ਚ ਘੱਟ ਤੋਂ ਘੱਟ 50 ਅੱਤਵਾਦੀ ਇਕ ਪੁਲਸ ਥਾਣੇ ’ਚ ਦਾਖ਼ਲ ਹੋਏ ਤੇ ਇਕ ਪੁਲਸ ਕਾਂਸਟੇਬਲ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਦੱਖਣੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲੇ ਦੇ ਵਾਨਾ ’ਚ ਦੇਰ ਰਾਤ 1 ਵਜੇ ਵਾਪਰੀ। ਜ਼ਿਲੇ ਦੇ ਮੁੱਖ ਪੁਲਸ ਅਧਿਕਾਰੀ ਨੇ ਕਿਹਾ, ‘‘50 ਤੋਂ ਵੱਧ ਅੱਤਵਾਦੀ ਪੁਲਸ ਸਟੇਸ਼ਨ ’ਚ ਦਾਖ਼ਲ ਹੋਏ ਤੇ ਗੋਲੀਆਂ ਚਲਾਈਆਂ, ਜਿਸ ਕਾਰਨ 1 ਕਾਂਸਟੇਬਲ ਜ਼ਖ਼ਮੀ ਹੋ ਗਿਆ। ਉਹ ਗੋਲਾ-ਬਾਰੂਦ, ਹਥਿਆਰ ਤੇ ਹੋਰ ਉਪਕਰਨ ਲੈ ਗਏ।’’ ਜਵਾਬੀ ਗੋਲੀਬਾਰੀ ’ਚ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਕਿਹਾ ਕਿ ਬਾਕੀ ਅੱਤਵਾਦੀ ਭੱਜਣ ’ਚ ਸਫਲ ਰਹੇ ਤੇ ਉਨ੍ਹਾਂ ਨੂੰ ਫੜਨ ਲਈ ਸਰਚ ਮੁਹਿੰਮ ਜਾਰੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News