ਇਸਲਾਮਾਬਾਦ ''ਚ ਹਥਿਆਰਬੰਦ ਲੋਕਾਂ ਨੇ ਪੱਤਰਕਾਰ ਨੂੰ ਕੀਤਾ ਅਗਵਾ
Wednesday, Jul 22, 2020 - 12:31 AM (IST)
ਇਸਲਾਮਾਬਾਦ: ਪਾਕਿਸਤਾਨ ਵਿਚ ਦੇਸ਼ ਦੇ ਸ਼ਕਤੀਸ਼ਾਲੀ ਸੰਸਥਾਨਾਂ ਦੀ ਨਿੰਦਾ ਦੇ ਲਈ ਪ੍ਰਸਿੱਧ ਇਕ ਸੀਨੀਅਰ ਪੱਤਰਕਾਰ ਨੂੰ ਅਣਪਛਾਤੇ ਲੋਕਾਂ ਨੇ ਮੰਗਲਵਾਰ ਨੂੰ ਅਗਵਾ ਕਰ ਲਿਆ। ਪੱਤਰਕਾਰ ਦੇ ਪਰਿਵਾਰ ਤੇ ਇਕ ਮੰਤਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵੀਡੀਓ ਮੁਤਾਬਕ ਮਤਿਉਲਾਜਾਨ ਨੂੰ ਸੈਕਟਰ ਜੀ-6 ਇਲਾਕੇ ਵਿਚ ਉਨ੍ਹਾਂ ਦੀ ਕਾਰ ਵਿਚੋਂ ਖਿੱਚ ਕੇ ਕੱਢਿਆ ਗਿਆ ਤੇ ਅਣਪਛਾਤੀ ਥਾਂ ਵੱਲ ਲਿਜਾਇਆ ਗਿਆ। ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ ਕੀਤਾ ਗਿਆ, ਜੋ ਕਿ ਸ਼ਾਇਦ ਉਨ੍ਹਾਂ ਦੇ ਬੇਟੇ ਕੀਤਾ ਹੈ। ਇਸ ਵਿਚ ਲਿਖਿਆ ਗਿਆ ਸੀ ਕਿ ਮੇਰੇ ਅੱਬੂ ਮਤਿਉਲਾਜਾਨ ਨੂੰ ਰਾਜਧਾਨੀ ਤੋਂ ਅਗਵਾ ਕਰ ਲਿਆ ਗਿਆ ਹੈ। ਮੈਂ ਉਨ੍ਹਾਂ ਦਾ ਪਤਾ ਲਾਉਣ ਦੀ ਮੰਗ ਕਰਦਾ ਹਾਂ। ਘਟਨਾ ਦੇ ਲਈ ਜੋ ਜ਼ਿੰਮੇਦਾਰ ਹੈ, ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਅੱਲਾਹ ਉਨ੍ਹਾਂ ਨੂੰ ਸਲਾਮਤ ਰੱਖੇ। ਜਾਨ ਦੀ ਪਤਨੀ ਤੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਇਕ ਸਕੂਲ ਦੇ ਬਾਹਰ ਖੜੀ ਮਿਲੀ ਤੇ ਉਸ ਦੇ ਅੰਦਰ ਉਨ੍ਹਾਂ ਦਾ ਮੋਬਾਇਲ ਫੋਨ ਸੀ।
ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲਾ ਤੋਂ ਵਿਸਤ੍ਰਿਤ ਜਾਣਕਾਰੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਤੇ ਅਸੀਂ ਜਲਦੀ ਤੋਂ ਜਲਦੀ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਸੀਸੀਟੀਵੀ ਫੁਟੇਡ ਵਿਚ ਦਿਖਿਆ ਕਿ ਹਥਿਆਰਬੰਦ ਲੋਕ ਤਿੰਨ ਵਾਹਨਾਂ ਵਿਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੂੰ ਗੱਡੀ ਵਿਚ ਬਿਠਾ ਲਿਆ।