ਪਾਕਿ ''ਚ ਹਾਫਿਜ਼ ਸਈਦ ਨੂੰ ਇਕ ਹੋਰ ਮਾਮਲੇ ''ਚ 15 ਸਾਲ ਦੀ ਸਜ਼ਾ

12/25/2020 6:01:23 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਕ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ 'ਤੇ ਆਪਣੀ ਧਰਤੀ 'ਤੇ ਚੱਲ ਰਹੇ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਦਾ ਦਬਾਅ ਬਣਿਆ ਹੋਇਆ ਹੈ। ਇਸੇ ਕਾਰਨ ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿਚ ਇਸ ਗਲੋਬਲ ਅੱਤਵਾਦੀ 'ਤੇ 200,000 ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅੱਤਵਾਦੀ ਸੰਗਠਨਾਂ ਨੂੰ ਆਰਥਿਕ ਮਦਦ ਮੁਹੱਈਆ ਕਰਾਉਣ ਦੇ ਚਾਰ ਵੱਖ-ਵੱਖ ਮਾਮਲਿਆਂ ਵਿਚ ਸਈਦ ਨੂੰ ਪਹਿਲਾਂ ਹੀ 21 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਕੁੱਲ 36 ਸਾਲ ਰਹਿਣਾ ਹੋਵੇਗਾ ਜੇਲ੍ਹ ਵਿਚ
ਮੰਨਿਆ ਜਾ ਰਿਹਾ ਹੈਕਿ ਹਾਫਿਜ਼ ਸਈਦ ਨੂੰ ਹੁਣ ਅੱਤਵਾਦੀ ਵਿੱਤਪੋਸ਼ਣ ਦੇ ਇਹਨਾਂ ਪੰਜ ਮਾਮਲਿਆਂ ਵਿਚ ਲਾਹੌਰ ਦੀ ਲਖਤਲ ਜੇਲ੍ਹ ਵਿਚ 36 ਸਾਲ ਦੀ ਕੁੱਲ ਸਮੂਹਿਕ ਸਜ਼ਾ ਕੱਟਣੀ ਪਵੇਗੀ। ਪੰਜੇ ਮਾਮਲਿਆਂ ਵਿਚ ਮਿਲੀ ਸਜ਼ਾ ਇਕੱਠੇ ਚੱਲੇਗੀ। ਮੰਨਿਆ ਜਾ ਰਿਹਾ ਹੈ ਕਿ 70 ਸਾਲ ਦੇ ਹਾਫਿਜ਼ ਸਈਦ ਦੀ ਬਾਕੀ ਬਚੀ ਜ਼ਿੰਦਗੀ ਹੁਣ ਜੇਲ੍ਹ ਵਿਚ ਹੀ ਬੀਤੇਗੀ। ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਜਮਾਤ-ਉਦ-ਦਾਅਵਾ ਦੇ ਖਿਲਾਫ਼ 41 ਮਾਮਲੇ ਦਰਜ ਕੀਤੇ ਹਨ, ਜਿਹਨਾਂ ਵਿਚੋਂ ਹਾਲੇ 25 ਮਾਮਲਿਆਂ ਵਿਚ ਹੀ ਫ਼ੈਸਲਾ ਆਇਆ ਹੈ।

ਪਾਕਿ ਸਰਕਾਰ 'ਤੇ ਦਬਾਅ
ਪਾਕਿਸਤਾਨ ਨੂੰ ਫਰਵਰੀ ਵਿਚ ਹੋਣ ਵਾਲੀ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਬੈਠਕ ਵਿਚ ਗ੍ਰੇ ਲਿਸਟ ਤੋਂ ਬਾਹਰ ਨਿਕਲਣਾ ਹੈ। ਇਸ ਲਈ ਉਹ ਇਹ ਦਿਖਾਵਾ ਕਰਨ ਵਿਚ ਜੁਟਿਆ ਹੈ ਕਿ ਉਸ ਨੇ ਅੱਤਵਾਦ ਦੇ ਖਿਲਾਫ਼ ਕਿੰਨੇ ਸਖਤ ਕਦਮ ਚੁੱਕੇ ਹਨ। ਅਕਤੂਬਰ ਵਿਚ ਹੋਈ ਐੱਫ.ਏ.ਟੀ.ਐੱਫ. ਦੀ ਬੈਠਕ ਵਿਚ ਵੀ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਕੰਮ ਨਾ ਕਰਨ 'ਤੇ ਗ੍ਰੇ ਲਿਸਟ ਵਿਚ ਹੀ ਰੱਖਣ 'ਤੇ ਸਹਿਮਤੀ ਬਣੀ ਸੀ। ਐੱਫ.ਏ.ਟੀ.ਐੱਫ. ਨੇ ਕਿਹਾ ਸੀ ਕਿ ਪਾਕਿਸਤਾਨ ਨੇ ਉਸ ਦੀਆਂ 27 ਸੂਤਰੀਂ ਯੋਜਨਾਵਾਂ ਵਿਚੋਂ ਸਿਰਫ 21 ਨੂੰ ਹੀ ਪੂਰਾ ਕੀਤਾ ਹੈ।  ਇਸ ਵਿਚ ਭਾਰਤ ਵਿਚ ਲੋੜੀਂਦੇ ਅੱਤਵਾਦੀਆਂ ਮੌਲਾਨਾ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਦੇ ਖਿਲਾਫ਼ ਕਾਰਵਾਈ ਨਾ ਕਰਨਾ ਵੀ ਸ਼ਾਮਲ ਸੀ।

ਨੋਟ- ਪਾਕਿ 'ਚ ਹਾਫਿਜ਼ ਸਈਦ ਨੂੰ ਇਕ ਹੋਰ ਮਾਮਲੇ 'ਚ 15 ਸਾਲ ਦੀ ਸਜ਼ਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News