ਪਾਕਿਸਤਾਨ : ਵਿਦਿਆਰਥੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਮੌਲਵੀ 'ਤੇ ਪਰਚਾ
Sunday, Jun 20, 2021 - 03:26 PM (IST)

ਲਾਹੌਰ- ਪਾਕਿਸਤਾਨ ਵਿਚ ਈਸ਼ਨਿੰਦਾ ਖਿਲਾਫ਼ ਰੈਲੀਆਂ ਦੀ ਅਗਵਾਈ ਕਰਨ ਵਾਲੇ ਇਕ 60 ਸਾਲਾ ਮੌਲਵੀ 'ਤੇ ਧਾਰਮਿਕ ਸਕੂਲ ਵਿਚ ਇਕ 20 ਸਾਲਾ ਵਿਦਿਆਰਥੀ ਨਾਲ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਵਿਦਿਆਰਥੀ ਨੂੰ ਜ਼ਬਰਦਸਤੀ ਮਜਬੂਰ ਕਰਦੇ ਹੋਏ ਇਕ ਵੀਡਿਓ ਵਾਇਰਲ ਹੋਣ ਤੋਂ ਬਾਅਦ ਅਜੀਜ਼-ਉਰ-ਰਹਿਮਾਨ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਮੁਤਾਬਕ, ਸ਼ਿਕਾਇਤਕਰਤਾ ਨੇ ਜਾਂਚ ਵਿਚ ਸਹਿਯੋਗ ਲਈ ਕਈ ਵੀਡੀਓ ਤੇ ਆਡੀਓ ਸੌਂਪੇ ਹਨ। ਵਿਦਿਆਰਥੀ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਮੌਲਵੀ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ ਹਨ।
ਇਸ ਮਾਮਲੇ ਨਾਲ ਪਾਕਿਸਤਾਨ ਵਿਚ ਹਲਚਲ ਮਚ ਗਈ ਹੈ। ਲੋਕ ਗੁੱਸੇ ਵਿਚ ਸੋਸ਼ਲ ਮੀਡੀਆ 'ਤੇ ਭੜਾਸ ਕੱਢ ਰਹੇ ਹਨ ਅਤੇ ਕਈਆਂ ਨੇ ਮੌਲਵੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ, ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਬਿਆਨ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਅਜੀਜ਼-ਉਰ-ਰਹਿਮਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਕਥਿਤ ਤੌਰ 'ਤੇ ਨਸ਼ਾ ਦੇ ਕੇ ਵੀਡੀਓ ਬਣਾਈ ਗਈ, ਜੋ ਉਸ ਨੂੰ ਜਾਮੀਆ ਮਨਜੂਰ-ਉਲ-ਇਸਲਾਮੀਆ ਮਦਰਸਾ ਤੋਂ ਬਾਹਰ ਕੱਢਣ ਦੀ ਸਾਜਸ਼ ਹੈ। ਰਹਿਮਾਨ ਇਕ ਪ੍ਰਮੁੱਖ ਧਾਰਮਿਕ ਰਾਜਨੀਤਿਕ ਪਾਰਟੀ ਦਾ ਮੈਂਬਰ ਹੈ ਅਤੇ ਉਸ ਨੇ ਪਿਛਲੇ ਕਈ ਸਾਲਾਂ ਤੋਂ ਇਸ ਮਦਰਸਾ ਦੇ ਨਿਗਰਾਨ ਵਜੋਂ ਕੰਮ ਕੀਤਾ ਹੈ। ਉੱਥੇ ਹੀ, ਇਸ ਘਟਨਾ ਪਿੱਛੋਂ ਮਦਰਸਾ ਨੇ ਮੌਲਵੀ ਰਹਿਮਾਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਧਾਰਮਿਕ ਸਕੂਲਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਵਫਾਕ-ਉਲ-ਮਦਾਰਿਸ ਨੇ ਵੀ ਕਿਹਾ ਕਿ ਉਸ ਨੇ ਅਜੀਜ਼-ਉਰ-ਰਹਿਮਾਨ ਦੀ ਧਾਰਮਿਕ ਵਿਦਵਾਨ ਦੀ ਉਪਾਧੀ ਵਾਪਸ ਲੈ ਲਈ ਹੈ।