ਪਾਕਿਸਤਾਨ ਫੌਜ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਕੋਲ ਦੋ ਅੱਤਵਾਦੀਆਂ ਨੂੰ ਕੀਤਾ ਢੇਰ

Saturday, Feb 04, 2023 - 11:24 AM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਖੈਬਰ ਪਖਤੂਨਖਵਾ ਦੇ ਇਕ ਜ਼ਿਲ੍ਹੇ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਦੇ ਇਕ ਠਿਕਾਣੇ 'ਤੇ ਛਾਪਾ ਮਾਰ ਕੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ ਜ਼ਿਲ੍ਹੇ ਦੀ ਸੀਮਾ ਅਫਗਾਨਿਸਤਾਨ ਨਾਲ ਲੱਗਦੀ ਹੈ। ਫੌਜ ਨੇ ਇਕ ਬਿਆਨ 'ਚ ਦੱਸਿਆ ਕਿ ਪ੍ਰਾਂਤ ਦੇ ਉੱਤਰੀ ਵਜ਼ੀਰੀਸਤਾਨ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਠਿਕਾਣੇ 'ਤੇ ਛਾਪਾ ਮਾਰ ਕੇ ਵੱਡੇ ਪੈਮਾਨੇ 'ਤੇ ਹਥਿਆਰ ਬਰਾਮਦ ਕੀਤੇ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੌਰਾਨ ਦੋ ਅੱਤਵਾਦੀ ਮਾਰੇ ਗਏ ਜੋ ਅਤੀਤ 'ਚ ਸੁਰੱਖਿਆ ਬਲਾਂ 'ਤੇ ਹਮਲਿਆਂ 'ਚ ਸ਼ਾਮਲ ਸਨ। 
ਬਿਆਨ 'ਚ ਇਸ ਤੋਂ ਜ਼ਿਆਦਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਵੀ ਤੁਰੰਤ ਪਤਾ ਨਹੀਂ ਚੱਲ ਪਾਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ 'ਚ ਹਾਲ ਹੀ 'ਚ ਹਿੰਸਾ 'ਚ ਹੋਏ ਵਾਧੇ ਤੋਂ ਨਿਪਟਣ ਲਈ ਵਿਆਪਕ ਰਣਨੀਤੀ ਤਿਆਰ ਕਰਨ ਲਈ ਵਿਰੋਧੀ ਨੇਤਾਵਾਂ ਦੀ ਬੈਠਕ ਬੁਲਾਈ ਹੈ। ਇਸ ਹਫ਼ਤੇ ਤੋਂ ਸ਼ੁਰੂ 'ਚ ਖੈਬਰ ਪਖਤੂਨਖਵਾ ਪ੍ਰਾਂਤ ਦੇ ਪੇਸ਼ਾਵਰ ਦੀ ਇਕ ਮਸਜਿਦ 'ਚ ਹੋਏ ਧਮਾਕੇ 'ਚ 101 ਲੋਕ ਮਾਰੇ ਗਏ ਸਨ। 
ਇਸ ਹਮਲੇ ਲਈ ਅਧਿਕਾਰੀਆਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਦੇ ਅਫਗਾਨਿਸਤਾਨ 'ਚ ਪਨਾਹਗਾਹ ਹਨ। ਸ਼ਰੀਫ ਨੇ ਟੈਲੀਵੀਜ਼ਨ 'ਤੇ ਦਿੱਤੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਹੁਣ ਵਿਰੋਧੀ ਨੇਤਾ ਇਮਰਾਨ ਖਾਨ ਅਤੇ ਹੋਰ ਅਧਿਕਾਰੀਆਂ ਨੂੰ ਅਗਲੇ ਕਦਮਾਂ ਦੇ ਬਾਰੇ 'ਚ ਚਰਚਾ ਕਰਨ ਲਈ ਮੰਗਲਵਾਰ ਨੂੰ ਸੱਦਾ ਦਿੱਤਾ ਹੈ। ਇਸ 'ਤੇ ਖਾਨ ਵਲੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਮਿਲ ਪਾਈ ਹੈ।


Aarti dhillon

Content Editor

Related News