ਪਾਕਿਸਤਾਨੀ-ਅਮਰੀਕੀ ਔਰਤ ਨੇ ਆਲੋਚਨਾਵਾਂ ਦਰਮਿਆਨ ਇਜ਼ਰਾਈਲ ਦੌਰੇ ਦਾ ਕੀਤਾ ਬਚਾਅ

Tuesday, May 31, 2022 - 05:00 PM (IST)

ਇਸਲਾਮਾਬਾਦ (ਏ. ਪੀ.) : ਇਜ਼ਰਾਈਲ ਜਾਣ ਵਾਲੇ ਇਕ ਵਫ਼ਦ ਦੀ ਅਗਵਾਈ ਕਰਨ ਲਈ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਪਾਕਿਸਤਾਨੀ-ਅਮਰੀਕੀ ਔਰਤ ਨੇ ਸੋਮਵਾਰ ਨੂੰ ਆਪਣੇ ਦੌਰੇ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਮੁਸਲਮਾਨਾਂ ਅਤੇ ਗ਼ੈਰ-ਮੁਸਲਮਾਨਾਂ ਦੇ ਇਕ ਛੋਟੇ ਜਿਹੇ ਸਮੂਹ ਨਾਲ ਯੇਰੂਸ਼ਲਮ ਗਈ ਸੀ। ਪਾਕਿਸਤਾਨ ਵਿਚ ਪੈਦਾ ਹੋਈ ਅਮਰੀਕੀ ਨਾਗਰਿਕ ਅਨਿਲਾ ਅਲੀ ਵਾਸ਼ਿੰਗਟਨ ’ਚ ਰਹਿੰਦੀ ਹੈ। ਉਨ੍ਹਾਂ ਨੇ ਪਾਕਿਸਤਾਨੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਇਹ ਗੱਲ ਕਹੀ। ਅਲੀ ਦੀ ਆਲੋਚਨਾ ਕਰਦਿਆਂ ਕੁਝ ਲੋਕਾਂ ਨੇ ਉਸ ਨੂੰ ਸਵਾਲ ਕੀਤਾ ਹੈ ਕਿ ਇਸ ਯਾਤਰਾ ਦੇ ਪਿੱਛੇ ਅਸਲ ’ਚ ਕਿਸਦਾ ਹੱਥ ਹੈ। ਅਲੀ ਨੇ ਕਿਹਾ ਕਿ ਦੌਰੇ ਦਾ ਮਕਸਦ ਸੱਚਾਈ ਦੀ ਤਲਾਸ਼ ਕਰਨਾ ਅਤੇ ਮੁਸਲਮਾਨਾਂ ਅਤੇ ਯਹੂਦੀਆਂ ਵਿਚਕਾਰ ਮੇਲ-ਮਿਲਾਪ ਕਰਵਾਉਣਾ ਸੀ।

ਉਨ੍ਹਾਂ ਕਿਹਾ ਕਿ “ਇਜ਼ਰਾਈਲ ਦੇ (ਰਾਸ਼ਟਰਪਤੀ) ਅਤੇ ਇਜ਼ਰਾਈਲ ਦੇ ਲੋਕਾਂ ਨੇ ਸਾਡੇ ਲਈ ਆਪਣੇ ਦਿਲ ਅਤੇ ਘਰ ਖੋਲ੍ਹ ਦਿੱਤੇ ਹਨ। ਉਹ ਜਾਣਦੇ ਸਨ ਕਿ ਅਸੀਂ ਮੁਸਲਮਾਨ ਹਾਂ ਅਤੇ ਉਹ ਇਹ ਵੀ ਜਾਣਦੇ ਸਨ ਕਿ ਅਸੀਂ ਪਾਕਿਸਤਾਨੀ ਹਾਂ।” ਅਲੀ ਨੇ ਕਿਹਾ ਕਿ ਇਜ਼ਰਾਈਲੀ ਜਾਣਦੇ ਸਨ ਕਿ ਉਨ੍ਹਾਂ ਦੇ ਵਫ਼ਦ ’ਚ ਸਿੱਖ ਅਤੇ ਈਸਾਈ ਸ਼ਾਮਲ ਹਨ, ਫਿਰ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪਾਕਿਸਤਾਨ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ, ਜਿਨ੍ਹਾਂ ਦੇ ਫਲਸਤੀਨ ਮੁੱਦੇ ਕਾਰਨ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਨਹੀਂ ਹਨ। ਅਲੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ’ਚ ਇਜ਼ਰਾਈਲ ਗਏ 15 ਮੈਂਬਰੀ ਵਫ਼ਦ ਦੀ ਅਗਵਾਈ ਕੀਤੀ ਸੀ, ਜਿਸ ’ਚ ਪਾਕਿਸਤਾਨੀ ਪ੍ਰਵਾਸੀ ਵੀ ਸ਼ਾਮਲ ਸਨ। ਉਨ੍ਹਾਂ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਇਸ ਯਾਤਰੇ ਪਿੱਛੇ ਨਾ ਤਾਂ ਪਾਕਿਸਤਾਨ ਸਰਕਾਰ ਸੀ ਅਤੇ ਨਾ ਹੀ ਅਮਰੀਕਾ ਦਾ ਹੱਥ ਹੈ।


Manoj

Content Editor

Related News