ਪਾਕਿ ਪੁਲਸ ਨੇ 96 ਲੋਕਾਂ ਦਾ ਕਾਤਲ ਕੀਤਾ ਕਾਬੂ, ਹਥਿਆਰ ਵੀ ਬਰਾਮਦ

11/21/2019 5:14:23 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਪੁਲਸ ਨੇ ਬੁੱਧਵਾਰ ਨੂੰ 96 ਲੋਕਾਂ ਦੇ ਕਤਲ ਵਿਚ ਸ਼ਾਮਲ ਰਹੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਅਸਲ ਵਿਚ ਇਹ ਦਾਅਵਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਐਂਟੀ ਸਟ੍ਰੀਟ ਕ੍ਰਾਈਮ ਅਤੇ ਸੋਲਜਰ ਬਾਜ਼ਾਰ ਪੁਲਸ ਨੇ ਕੀਤਾ ਹੈ। ਇਸ ਦੋਸ਼ੀ ਨੇ 1995 ਵਿਚ ਮੁਤਾਹਿਦਾ ਕੌਮੀ ਮੂਵਮੈਂਟ ਲੰਡਨ (MQM-L) ਦੀ ਮੈਂਬਰਸ਼ਿਪ ਲਈ ਸੀ। ਇਸ ਦੇ ਬਾਅਦ ਤੋਂ ਹੀ ਉਹ ਹੱਤਿਆਵਾਂ ਕਰਨ ਲੱਗਾ ਸੀ। ਇਸ ਦਾ ਨਾਮ ਯੁਸੂਫ ਉਰਫ ਠੇਲੇਵਾਲਾ ਦੱਸਿਆ ਗਿਆ ਹੈ। ਉਸ ਦੇ ਕੋਲੋਂ ਪੁਲਸ ਨੇ ਇਕ ਟੀਟੀ ਪਿਸਤੌਲ, ਗ੍ਰੇਨੇਡ ਅਤੇ ਇਕ ਮੋਟਰ ਸਾਈਕਲ ਜ਼ਬਤ ਕੀਤੀ ਹੈ। 

ਪੁਲਸ ਨੇ ਜਦੋਂ ਸਖਤੀ ਨਾਲ ਯੁਸੂਫ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਬਹੁਰ ਸਾਰੇ ਰਾਜ਼ ਖੋਲ੍ਹੇ। ਜ਼ਿਕਰਯੋਗ ਹੈ ਕਿ ਯੁਸੂਫ ਉਰਫ ਠੇਲੇਵਾਲ ਮੁਤਾਹਿਦਾ ਕੌਮੀ ਮੂਵਮੈਂਟ ਲੰਡਨ ਦਾ ਮੈਂਬਰ ਹੈ। ਯੁਸੂਫ ਨੇ ਆਪਣੇ ਸਾਥੀਆਂ ਦੇ ਨਾਲ ਸਿੱਧੇ ਤੌਰ 'ਤੇ 30 ਲੋਕਾਂ ਦੀ ਹੱਤਿਆ ਵਿਚ ਸ਼ਾਮਲ ਰਹਿਣਾ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ 66 ਲਾਸ਼ਾਂ ਨੂੰ ਵੀ ਠਿਕਾਣੇ ਲਗਾਇਆ ਹੈ। ਜਾਣਕਾਰੀ ਮੁਤਾਬਕ ਜਦੋਂ ਯੁਸੂਫ ਨੇ ਮੁਤਾਹਿਦਾ ਕੌਮੀ ਮੂਵਮੈਂਟ ਲੰਡਨ ਦੀ ਮੈਂਬਰਸ਼ਿਪ ਲਈ ਸੀ ਉਦੋਂ ਤੋਂ ਹੀ ਉਸ ਨੇ ਹੱਤਿਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। 

ਪੁਲਸ ਪੁੱਛਗਿੱਛ ਵਿਚ ਯੁਸੂਫ ਨੇ ਦੱਸਿਆ ਕਿ ਉਸ ਨੇ ਦੋ ਮਿਲਟਰੀ ਕਰਮੀਆਂ, ਪਾਕਿਸਤਾਨੀ ਹਵਾਈ ਫੌਜ ਦੇ ਇਕ ਅਧਿਕਾਰੀ ਨੂੰ ਮਾਰਿਆ। ਇਸ ਦੇ ਇਲਾਵਾ 12 ਅਜਿਹੇ ਲੋਕਾਂ ਦੀ ਹੱਤਿਆ ਕੀਤੀ, ਜਿਨ੍ਹਾਂ ਵਿਚ ਪੁਲਸ ਮੁਖਬਿਰ, ਇਕ ਪੁਲਸ ਕਰਮੀ, ਮੋਹਜੀਰ ਕੌਮੀ ਅੰਦੋਲਨ ਦੇ ਪੰਜ ਕਾਰਕੁੰਨ, ਇਕ ਸਰਕਾਰੀ ਕਰਮਚਾਰੀ ਅਤੇ ਕਈ ਹੋਰ ਲੋਕ ਸ਼ਾਮਲ ਸਨ। ਯੁਸੂਫ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਹੋਰ ਸਾਥੀਆਂ ਨਦੀਮ ਉਰਫ ਮਾਰਬਲ, ਰਿਆਜ਼ ਉਰਫ ਚਾਚਾ, ਅਜ਼ੀਮ ਉਰਫ ਛੋਟਾ, ਰਸ਼ੀਦ ਉਰਫ ਛੋਟਾ, ਅਬਦੁੱਲ ਸਲਾਮ ਦੇ ਨਾਲ-ਨਾਲ ਆਪਣੇ ਦੋ ਭਰਾਵਾਂ ਆਸਿਫ ਅਤੇ ਕਾਸਿਫ ਨੂੰ ਮੋਮਿਨਾਬਾਦ ਤੋਂ ਅਗਵਾ ਕਰ ਲਿਆ ਅਤੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਦੇ ਮੁਖਬਿਰ ਹੋਣ ਦਾ ਸ਼ੱਕ ਸੀ।

ਯੁਸੂਫ ਦੀ ਗ੍ਰਿਫਤਾਰੀ ਦੇ ਬਾਅਦ ਸ਼ਹਿਰ ਦੇ ਐੱਸ.ਐੱਸ.ਪੀ. ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਵਿਸਥਾਰ ਨਾਲ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਯੁਸੂਫ ਨੇ ਦੱਸਿਆ ਕਿ ਉਹ ਡਾਕਟਰ ਫਾਰੂਕ ਸਤਾਰ ਦੇ ਸੰਪਰਕ ਵਿਚ ਸੀ, ਉਨ੍ਹਾਂ ਨਾਲ ਸੰਪਰਕ ਹੋਣ ਦੇ ਬਾਅਦ ਉਸ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ। ਜਦੋਂ ਡਾਕਟਰ ਫਾਰੂਕ ਸਤਾਰ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਯੁਸੂਫ ਨਾਮ ਦੇ ਕਿਸੇ ਵੀ ਵਿਅਕਤੀ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ।

ਐੱਸ.ਐੱਸ.ਪੀ. ਨੇ ਕਿਹਾ ਕਿ ਯੁਸੂਫ ਨੂੰ ਪਹਿਲੀ ਵਾਰ 1996 ਵਿਚ ਰੇਂਜਰਸ ਨੇ ਗ੍ਰਿ੍ਰਫਤਾਰ ਕੀਤਾ ਸੀ ਪਰ ਉਸ ਨੂੰ 1997 ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਫਿਰ ਉਸ ਨੂੰ ਦੋ ਵਿਅਕਤੀਆਂ ਦੀ ਹੱਤਿਆ ਵਿਚ ਕਥਿਤ ਸ਼ਮੂਲੀਅਤ ਲਈ ਮੋਮਿਨਾਬਾਦ ਪੁਲਸ ਨੇ 1998 ਵਿਚ ਗ੍ਰਿਫਤਾਰ ਕੀਤਾ ਸੀ। ਇਸ ਦੋਸ਼ ਵਿਚ ਉਸ ਨੇ ਪੰਜ ਸਾਲ ਜੇਲ ਵਿਚ ਕੱਟੇ ਅਤੇ 2003 ਵਿਚ ਪੈਰੋਲ 'ਤੇ ਰਿਹਾਅ ਹੋਇਆ। ਉਸ ਦੇ ਬਾਅਦ ਉਹ ਲੁਕਵੀਂ ਜ਼ਿੰਦਗੀ ਜੀਅ ਰਿਹਾ ਸੀ। ਇਸ ਮਿਆਦ ਦੌਰਾਨ ਯੁਸੂਫ ਨੂੰ ਲੰਡਨ ਵਿਚ ਐੱਮ.ਕਿਉ.ਐੱਮ. ਲੀਡਰਸ਼ਿਪ ਤੋਂ ਨਿਰਦੇਸ਼ ਮਿਲਿਆ। ਉਨ੍ਹਾਂ ਨੇ ਕਿਹਾ ਕਿ ਯੁਸੂਫ ਦੀ ਪੈਰੋਲ ਰੱਦ ਹੋਣ ਦੇ ਬਾਅਦ ਤੋਂ ਗ੍ਰਹਿ ਵਿਭਾਗ ਨੇ ਗ੍ਰਿਫਤਾਰੀ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ ਪਰ ਉਹ ਪਕੜ ਵਿਚ ਨਹੀਂ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਠੇਲੇਵਾਲਾ ਨੇ ਜ਼ਿਲਾ ਪੱਛਮ ਵਿਚ ਦਹਿਸ਼ਤ ਕਾਇਮ ਕੀਤੀ ਹੋਈ ਸੀ। ਇਸ ਦੌਰਾਨ ਉਸ ਦੇ ਕਈ ਸਾਥੀ ਜਾਂ ਤਾਂ ਮਾਰੇ ਗਏ ਸਨ ਜਾਂ ਜੇਲ ਵਿਚ ਬੰਦ ਸਨ।


Vandana

Content Editor

Related News