ਹੜ੍ਹਾਂ ਕਾਰਨ ਮਜਬੂਰ ਪਾਕਿਸਤਾਨ ਹੁਣ ਭਾਰਤ ਤੋਂ ਖ਼ਰੀਦੇਗਾ ਪਿਆਜ਼-ਟਮਾਟਰ
Tuesday, Aug 30, 2022 - 09:34 AM (IST)

ਇਸਲਾਮਾਬਾਦ- ਸ਼੍ਰੀਲੰਕਾ ਤੋਂ ਬਾਅਦ ਇਕ ਹੋਰ ਗੁਆਂਢੀ ਦੇਸ਼ ਪਾਕਿਸਤਾਨ ਵੀ ਮਹਿੰਗਾਈ ਨਾਲ ਜੂਝ ਰਿਹਾ ਹੈ। ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਅਤੇ ਹੁਣ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਲਾਹੌਰ ਅਤੇ ਇਸਲਾਮਾਬਾਦ ਸਮੇਤ ਕਈ ਵੱਡੇ ਸ਼ਹਿਰਾਂ ’ਚ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਮਜਬੂਰ ਹੋ ਕੇ ਭਾਰਤ ਤੋਂ ਪਿਆਜ਼-ਟਮਾਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਮੰਡੀ ਦੇ ਡੀਲਰਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਸਪਲਾਈ ਖਪਤ ਨਾਲੋਂ ਬਹੁਤ ਘੱਟ ਹੈ। ਹਾਲਾਤ ਇਹ ਹਨ ਕਿ ਐਤਵਾਰ ਨੂੰ ਲਾਹੌਰ ਦੇ ਬਾਜ਼ਾਰ ’ਚ ਟਮਾਟਰ ਦਾ ਭਾਅ 500 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਦਾ ਭਾਅ 400 ਰੁਪਏ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ: ਹਿਊਸਟਨ: ਹਮਲਾਵਰ ਨੇ ਪਹਿਲਾਂ ਇਮਾਰਤ ਨੂੰ ਲਗਾਈ ਅੱਗ, ਫਿਰ ਬਾਹਰ ਨਿਕਲ ਰਹੇ ਲੋਕਾਂ 'ਤੇ ਚਲਾਈਆਂ ਗੋਲੀਆਂ
ਲਾਹੌਰ ਦੇ ਇਕ ਥੋਕ ਵਪਾਰੀ ਦਾ ਕਹਿਣਾ ਹੈ ਕਿ ਬਲੋਚਿਸਤਾਨ, ਸਿੰਧ ਅਤੇ ਦੱਖਣੀ ਪੰਜਾਬ ’ਚ ਹੜ੍ਹ ਦੀ ਸਥਿਤੀ ਖਰਾਬ ਹੋਣ ਕਾਰਨ ਸਬਜ਼ੀਆਂ ਦੇ ਉਤਪਾਦਨ ’ਤੇ ਵੱਡਾ ਅਸਰ ਪਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੀਆਂ ਕੀਮਤਾਂ ’ਚ ਹੋਰ ਵਾਧਾ ਹੋਣ ਦਾ ਪੂਰਾ ਖਦਸ਼ਾ ਹੈ। ਪਾਕਿਸਤਾਨ ਸਰਕਾਰ ਹੁਣ ਭਾਰਤ ਤੋਂ ਦਰਾਮਦ ਦੀ ਤਿਆਰੀ ’ਚ ਹੈ, ਜੋ ਵਾਹਗਾ ਸਰਹੱਦ ਰਾਹੀਂ ਕੀਤੀ ਜਾਵੇਗੀ। ਉੱਥੇ ਹੀ, ਪਾਕਿਸਤਾਨ ਵਿਚ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 1,061 ਤਕ ਪਹੁੰਚ ਗਈ। ਉੱਥੇ ਹੀ, ਆਰਥਿਕ ਸੰਕਟ ਨਾਲ ਜੂਝ ਰਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਅਪੀਲ ਤੋਂ ਬਾਅਦ ਕੌਮਾਂਤਰੀ ਮਦਦ ਪੁੱਜਣੀ ਸ਼ੁਰੂ ਹੋ ਗਈ ਹੈ। ਪਾਕਿਸਤਾਨ ਦੀ ਅਰਥਵਿਵਸਥਾ ਨੂੰ 10 ਅਰਬ ਅਮਰੀਕੀ ਡਾਲਰ ਤੱਕ ਦਾ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਘੱਟੋ-ਘੱਟ 1,061 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,575 ਲੋਕ ਜ਼ਖਮੀ ਹੋਏ ਹਨ। ਲਗਭਗ 9,92,871 ਘਰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ ਹਨ। ਲਗਭਗ 7.19 ਲੱਖ ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਏਕੜ ਉਪਜਾਊ ਜ਼ਮੀਨ ਲਗਾਤਾਰ ਮੀਂਹ ਦੇ ਪਾਣੀ ’ਚ ਡੁੱਬ ਗਈ ਹੈ।
ਇਹ ਵੀ ਪੜ੍ਹੋ: ਇੱਥੇ ਬੱਚੇ ਜ਼ਮੀਨ ’ਚ ਨਹੀਂ, ਰੁੱਖਾਂ ’ਚ ਦਫਨਾਏ ਜਾਂਦੇ ਹਨ!
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।