ਹੁਣ IMF ਨਾਲ ਸਮਝੌਤਾ ਨਹੀਂ ਕਰੇਗਾ ਪਾਕਿਸਤਾਨ: ਪਾਕਿ ਵਿੱਤ ਮੰਤਰੀ

01/12/2019 10:35:40 PM

ਇਸਲਾਮਾਬਾਦ— ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਕਿਸੇ ਵੀ ਨਵੇਂ ਰਾਹਤ ਪੈਕੇਜ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਸੰਪਰਕ ਨਹੀਂ ਕਰੇਗਾ, ਬਲਕਿ ਆਪਣੇ ਆਰਥਿਤ ਸੰਕਟ ਤੋਂ ਉਭਰਨ ਲਈ ਉਹ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਉਮਰ ਨੇ ਕਰਾਚੀ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ 'ਚ ਕਾਰੋਬਾਰੀਆਂ ਨਾਲ ਚਰਚਾ ਦੌਰਾਨ ਇਹ ਗੱਲ ਕਹੀ।

ਉਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਉਹ ਆਈ.ਐੱਮ.ਐੱਫ. ਨਾਲ ਕਿਸੇ ਨਵੇਂ ਰਾਹਤ ਪੈਕੇਜ ਦਾ ਸਮਝੌਤਾ ਨਹੀਂ ਕਰੇਗੀ ਬਲਕਿ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ। ਭੁਗਤਾਨ ਸੰਤੁਲਨ ਦੇ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਆਈ.ਐੱਮ.ਐੱਫ. ਦੇ ਨਾਲ 8 ਅਰਬ ਡਾਲਰ ਦੇ ਰਾਹਤ ਪੈਕੇਜ 'ਤੇ ਗੱਲਬਾਤ ਕਰ ਰਹੀ ਸੀ। ਸਰਕਾਰ ਨੇ ਆਰਥਿਕ ਮਦਦ ਲਈ ਸਾਊਦੀ ਅਰਬ, ਚੀਨ, ਸੰਯੁਕਤ ਅਰਬ ਅਮੀਰਾਤ ਜਿਹੇ ਪਾਕਿਸਤਾਨ ਦੇ ਦੋਸਤ ਦੇਸ਼ਾਂ ਨਾਲ ਸੰਪਰਕ ਕੀਤਾ ਸੀ।

ਉਮਰ ਨੇ ਕਿਹਾ ਕਿ ਸਰਕਾਰ ਆਈ.ਐੱਮ.ਐੱਫ. ਨਾਲ ਇਸ ਲਈ ਵੀ ਸਮਝੌਤਾ ਨਹੀਂ ਕਰੇਗੀ ਕਿਉਂਕਿ ਇਹ ਦੇਸ਼ ਲਈ ਸਖਤ ਆਰਥਿਕ ਸ਼ਰਤਾਂ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ 23 ਜਨਵਰੀ ਨੂੰ ਇਕ ਛੋਟਾ ਬਜਟ ਪੇਸ਼ ਕਰੇਗੀ। ਉਹ ਲਾਹੌਰ ਤੇ ਕਰਾਚੀ 'ਚ ਕਾਰੋਬਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂਕਿ ਵਿੱਤ ਬਿੱਲ 'ਚ ਸੋਧ ਕੀਤੀ ਜਾ ਸਕੇ। ਇਹ ਸੋਧ ਕਾਰੋਬਾਰੀਆਂ ਨੂੰ ਜ਼ਿਆਦਾ ਸੁਵਿਧਾਵਾਂ ਪ੍ਰਦਾਨ ਕਰੇਗਾ। ਉਮਰ ਨੇ ਇਸ਼ਾਰਾ ਕੀਤਾ ਕਿ ਇਹ ਬਿੱਲ ਪਾਕਿਸਤਾਨ ਸਟਾਕ ਐਕਸਚੇਂਜ ਲਈ ਖੁਸ਼ਖਬਰੀ ਲੈ ਕੇ ਆਵੇਗਾ।


Baljit Singh

Content Editor

Related News